ਘਰ ਵਾਲੇ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ!!

Last Updated: Jul 20 2019 13:19
Reading time: 1 min, 10 secs

ਘਰ ਵਾਲੇ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ। ਜੀ ਹਾਂ, ਇਹ ਕਹਾਵਤ ਉਨ੍ਹਾਂ ਚੋਰਾਂ 'ਤੇ ਅਹਿਮ ਢੁੱਕਦੀ ਹੈ, ਜੋ ਬੰਦ ਘਰਾਂ ਵਿੱਚੋਂ ਸਮਾਨ ਚੋਰੀ ਕਰਦੇ ਹਨ। ਪਿੰਡ ਭੰਗਾਲੀ ਵਿਖੇ ਘਰ ਵਿੱਚ ਇਕੱਲੀ ਰਹਿ ਰਹੀ ਔਰਤ ਜਦੋਂ ਬੀਤੇ ਦਿਨ ਚੱਕੀ ਤੋਂ ਆਟਾ ਪਿਸਾਉਣ ਲਈ ਗਈ ਤਾਂ ਉਸ ਦੀ ਗੈਰ ਹਾਜ਼ਰੀ ਵਿੱਚ ਜੈਮਲ ਵਾਲਾ ਦਾ ਰਹਿਣ ਵਾਲਾ ਜੱਸਾ ਲੱਖਾਂ ਰੁਪਏ ਦਾ ਸੋਨਾ ਅਤੇ ਮੋਬਾਈਲ ਫੋਨ ਆਦਿ ਸਮਾਨ ਚੋਰੀ ਕਰਕੇ ਲੈ ਗਿਆ। ਇਸ ਸਬੰਧ ਵਿੱਚ ਥਾਣਾ ਤਲਵੰਡੀ ਭਾਈ ਪੁਲਿਸ ਦੇ ਵੱਲੋਂ ਜੱਸਾ ਸਿੰਘ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੀ ਹੋਈ ਗੁਰਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਭੰਗਾਲੀ ਨੇ ਤਲਵੰਡੀ ਭਾਈ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਹ ਘਰ ਵਿੱਚ ਇਕੱਲੀ ਰਹਿੰਦੀ ਹੈ।

ਗੁਰਜੀਤ ਕੌਰ ਮੁਤਾਬਿਕ ਉਹ ਬੀਤੇ ਦਿਨ ਚੱਕੀ ਤੋਂ ਆਟਾ ਪਿਸਾਉਣ ਲਈ ਗਈ ਤਾਂ ਉਸ ਦੀ ਗ਼ੈਰ ਹਾਜ਼ਰੀ ਵਿੱਚ ਜੱਸਾ ਸਿੰਘ ਉਸ ਦੇ ਘਰ ਪਿਛਲੀ ਬਾਰੀ ਤੋੜ ਕੇ ਅੰਦਰ ਦਾਖ਼ਲ ਹੋ ਗਿਆ ਅਤੇ 5 ਤੋਲੇ ਸੋਨੇ ਦੇ ਗਹਿਣੇ, 2 ਮੋਬਾਈਲ ਫੋਨ, ਇੱਕ ਜੋੜਾ ਚਾਂਦੀ ਦੀਆਂ ਪੰਜੇਬਾਂ ਅਤੇ ਨਗਦੀ ਚੋਰੀ ਕਰਕੇ ਲੈ ਗਏ ਹਨ। ਗੁਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਜੱਸਾ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਜੈਮਲ ਵਾਲਾ ਥਾਣਾ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।