ਸ਼ੈਤਾਨ ਬੰਦਿਆਂ ਦਾ ਹੀ ਕੰਮ ਹੁੰਦੈ ਧੋਖਾਧੜੀ ਕਰਨਾ !!!

Last Updated: Jul 20 2019 13:18
Reading time: 1 min, 15 secs

ਕਈ-ਕਈ ਵਾਰ ਤਾਂ ਅਜਿਹੇ ਮੌਕੇ ਸ਼ਰੀਫ਼ ਬੰਦਿਆਂ ਦੇ ਹੱਥਾਂ ਵਿੱਚੋਂ ਨਿਕਲ ਜਾਂਦੇ ਹਨ, ਜਿਨ੍ਹਾਂ ਦੀ ਉਹ ਬਹੁਤ ਹੀ ਉਮੀਦ ਲਗਾਈ ਬੈਠੇ ਹੁੰਦੇ ਹਨ। ਦਰਅਸਲ, ਇਹ ਮੌਕੇ ਉਦੋਂ ਹੀ ਸ਼ਰੀਫ਼ ਬੰਦੇ ਦੇ ਹੱਥੋਂ ਨਿਕਲਦੇ ਹਨ, ਜਦੋਂ ਸ਼ਰੀਫ਼ ਬੰਦੇ 'ਤੇ ਸ਼ੈਤਾਨ ਆਉਣ ਖੜ੍ਹਦਾ ਹੈ ਅਤੇ ਉਹ ਸ਼ਰੀਫ਼ ਦੀ ਸ਼ਰੀਫ਼ੀ ਦਾ ਫਾਇਦਾ ਚੁੱਕਦਿਆਂ ਆਪਣਾ ਕੰਮ ਕਰਕੇ ਚਲਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਮੀਹਾਂ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਜਗ੍ਹਾ ਚਾਰ ਬੰਦਿਆਂ ਨੇ ਆਪਣਾ ਬੰਦਾ ਖੜ੍ਹਾ ਕਰਕੇ ਜਾਅਲੀ ਰਜਿਸਟਰੀ ਕਰਵਾ ਲਈ।

ਦੱਸ ਦਈਏ ਕਿ ਇਸ ਸਬੰਧ ਵਿੱਚ ਭਾਵੇਂ ਹੀ ਜ਼ੀਰਾ ਸਦਰ ਪੁਲਿਸ ਦੇ ਵੱਲੋਂ ਉਕਤ ਚਾਰੇ ਬੰਦਿਆਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਪਰ.!! ਉਕਤ ਲੋਕ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਦੱਸੇ ਜਾ ਰਹੇ ਹਨ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਮੀਹਾਂ ਸਿੰਘ ਵਾਲਾ ਨੇ ਸਿਟੀ ਜ਼ੀਰਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਪੂਰਨ ਸਿੰਘ, ਸਤਨਾਮ ਸਿੰਘ, ਹਰੀ ਸਿੰਘ, ਸਿਮਰਨਪਾਲ ਸਿੰਘ ਨੇ ਹਮਮਸ਼ਵਰਾ ਹੋ ਕੇ ਮੁੱਦਈ ਦੀ ਜਗ੍ਹਾ ਗਲਤ ਆਦਮੀ ਖੜ੍ਹਾ ਕਰਕੇ ਉਸਦੀ ਜਾਅਲੀ ਰਜਿਸਟਰੀ ਕਰਵਾ ਕੇ ਮੁੱਦਈ ਨਾਲ ਧੋਖਾਧੜੀ ਕੀਤੀ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੂਰਨ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਮੱਲੋ ਕੇ ਰੋਡ ਜ਼ੀਰਾ, ਸਤਨਾਮ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਵਾਰਡ ਨੰਬਰ 3 ਜ਼ੀਰਾ, ਹਰੀ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸੋਢੀ ਵਾਲਾ ਅਤੇ ਸਿਮਰਨਪਾਲ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਕੁਲਸਾਨੀ, ਕੁਰੂਕਸ਼ੇਤਰ ਦੇ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।