ਨਸ਼ਾ ਵੇਚਣ ਵਾਲਿਆਂ ਦਾ ਕੀਤਾ ਜਾਵੇ ਸਮਾਜਿਕ ਬਾਈਕਾਟ, ਸੋਸ਼ਲ ਮੀਡੀਆ 'ਤੇ ਵਾਇਰਲ ਇਸ ਸੰਦੇਸ਼ ਨੂੰ ਮਿਲ ਰਿਹਾ ਹੁੰਗਾਰਾ !(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 20 2019 13:25
Reading time: 3 mins, 18 secs

ਸੂਬਾ ਪੰਜਾਬ 'ਚ ਨਸ਼ੇ ਦਾ ਪ੍ਰਕੋਪ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੱਧ ਰਿਹਾ ਹੈ । ਇਸ ਦੇ ਪਿੱਛੇ ਬੇਸ਼ੱਕ ਕਾਰਨ ਲੋਕਾਂ ਦਾ ਜਲਦੀ ਅਤੇ ਸੋਖੇ ਤਰੀਕੇ ਨਾਲ ਪੈਸਾ ਕਮਾਉਣ ਦੀ ਲਾਲਸਾ ਕਿਹਾ ਜਾਵੇ ਜਾ ਫਿਰ ਨੌਜਵਾਨਾਂ 'ਚ ਬੇਰੁਜ਼ਗਾਰੀ ਕਰਕੇ ਵਧਦੀ ਚਿੰਤਾ, ਵਿਦੇਸ਼ੀ ਤਾਕਤਾਂ ਦੀ ਸਾਜ਼ਿਸ਼ ਜਾ ਫਿਰ ਹੋਰ, ਪਰ ਇੱਥੇ ਸੂਬਾ ਸਰਕਾਰ ਦੇ ਉਹ ਦਾਅਵੇ ਬਿਲਕੁਲ ਫਲਾਪ ਸਾਬਤ ਹੋਏ ਹਨ ਜੋ ਉਨ੍ਹਾਂ ਵਲੋਂ ਅਤੇ ਉਨ੍ਹਾਂ ਦੇ ਮੰਤਰੀਆਂ, ਵਿਧਾਇਕਾਂ ਵਲੋਂ ਸਟੇਜਾਂ ਤੋਂ ਨਸ਼ੇ ਨੂੰ ਠੱਲ੍ਹ ਪਾਉਣ ਦੇ ਕੀਤੇ ਜਾਂਦੇ ਹਨ । ਨਸ਼ੇ ਦੀ ਓਵਰ ਡੋਜ਼ ਲੈਣ ਤੱਕ ਦੀ ਹੱਦ ਤੱਕ ਪਹੁੰਚ ਚੁੱਕੇ ਨੌਜਵਾਨ ਸਮਾਜ ਲਈ ਜਿਥੇ ਖ਼ਤਰਾ ਬਣਦੇ ਜਾ ਰਹੇ ਹਨ ਉੱਥੇ ਹੀ ਉਹ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਾਕੇ ਨਸ਼ੇ ਦਾ ਸਵਾਦ ਲੈਣ ਤੋਂ ਵੀ ਡਰਦੇ ਨਹੀਂ ਹਨ ।

ਜੇਕਰ ਤਾਜ਼ੇ ਮਾਮਲਿਆਂ ਦੀ ਗੱਲ ਕਰੀਏ ਤਾਂ ਅਬੋਹਰ 'ਚ ਇੱਕ ਨੌਜਵਾਨ ਵਲੋਂ ਆਪਣੀ ਮਾਂ ਦਾ ਕੱਤਲ ਕਰਨ ਵਾਲਾ ਨਸ਼ਾ ਲੈਣ ਦਾ ਆਦੀ ਸੀ ਅਤੇ ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ 'ਚ ਇੱਕੋ ਦਿਨ ਤਿੰਨ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰ ਡੋਜ਼ ਨਾਲ ਹੋਣਾ ਸਾਬਤ ਕਰਦਾ ਹੈ ਕਿ ਬੇਸ਼ੱਕ ਸਰਕਾਰ ਦੀ ਹਦਾਇਤ 'ਤੇ ਪੁਲਿਸ ਵਲੋਂ ਸਖ਼ਤੀ ਕੀਤੀ ਗਈ ਹੈ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਹੈ ਪਰ ਸੂਬਾ ਪੰਜਾਬ 'ਚ ਬਣੇ ਹਾਲਾਤ ਸਾਬਤ ਕਰਦੇ ਹਨ ਕਿ ਨਸ਼ੇ ਦੀ ਸਪਲਾਈ ਨੂੰ ਤੋੜਨ 'ਚ ਸਰਕਾਰ ਤੇ ਪੁਲਿਸ ਨੂੰ ਕਾਮਯਾਬੀ ਨਹੀਂ ਮਿਲੀ ਹੈ, ਜਿਸਤੋਂ ਖੁਦ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਸ਼ੇ ਦੀ ਸਪਲਾਈ ਕਰਨ ਵਾਲੇ ਪ੍ਰਭਾਵਸ਼ਾਲੀ ਵਿਅਕਤੀ ਹਨ ਅਤੇ ਉਨ੍ਹਾਂ ਦੇ ਸਿਰ 'ਤੇ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਹੱਥ ਹੈ, ਹੋ ਸਕਦਾ ਹੈ ਉਹ ਸਿਆਸਤ 'ਚ ਉੱਚ ਰਸੂਖ਼ ਰੱਖਣ ਵਾਲੇ ਹੀ ਹੋਣ, ਜਿਨ੍ਹਾਂ ਤੱਕ ਪੁਲਿਸ ਦੇ ਹੱਥ ਤਾਂ ਕਿ ਸ਼ਾਇਦ ਉਨ੍ਹਾਂ ਵਾਲ ਅੱਖ ਵੀ ਨਾ ਚੁੱਕੀ ਜਾਂਦੀ ਹੋਵੇ ?

ਦੋਸਤੋ, ਤੁਹਾਨੂੰ ਦੱਸਦੇ ਹਾਂ ਕਿ ਨਸ਼ੇ ਦੇ ਫੈਲਦੇ ਜਾ ਰਹੇ ਇਸ ਦਰਿਆ ਨਾਲ ਨਜਿੱਠਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰ ਅਬੋਹਰ ਦਾ ਉਹੀ ਸ਼ਖ਼ਸ ਇੱਕ ਵਾਰ ਮੁੜ ਅੱਗੇ ਆਇਆ ਹੈ ਜਿਸ ਨੇ ਸਰਕਾਰ ਦੀ ਡੈਪੋ ਮੁਹਿੰਮ 'ਚ ਅਹਿਮ ਭੂਮਿਕਾ ਨਿਭਾਉਂਦੇ ਹੋਇਆ ਕਈ ਸੈਂਕੜੇ ਅਜਿਹੇ ਨੌਜਵਾਨਾਂ ਤੇ ਲੋਕਾਂ ਨੂੰ ਨਸ਼ੇ ਦੀ ਦਲਦਲ ਚੋ ਬਾਹਰ ਕੱਢਿਆ ਹੈ ਜਿਨ੍ਹਾਂ ਕੋਲ ਜ਼ਿੰਦਗੀ ਜਿਉਣ  ਦੇ ਸਾਰੇ ਰਸਤੇ ਬੰਦ ਹੋ ਚੁੱਕੇ ਸਨ । ਕਈ ਪਿੰਡਾਂ, ਸ਼ਹਿਰਾਂ ਦੀਆਂ ਅਜਿਹੀ ਬਸਤੀਆਂ 'ਚ ਸਪੋਰਟਸ ਕਲੱਬ ਦਾ ਗਠਨ ਕਰਕੇ ਉਨ੍ਹਾਂ ਨੂੰ ਖੇਡਾਂ ਦਾ ਸਮਾਨ ਲੈ ਕੇ ਦਿੱਤਾ ਅਤੇ ਖੇਡਾਂ ਨਾਲ ਜੋੜ ਕੇ ਹੋਰਨਾਂ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਜਾਗਰੂਕ ਕੀਤਾ ਜਿਥੇ ਨਸ਼ੇ ਦਾ ਸੈਲਾਬ ਵਗਦਾ ਸੀ।

ਅਬੋਹਰ ਦੇ ਬੰਬੇ ਇੰਸਟੀਚਿਊਟ ਦੇ ਸੰਚਾਲਕ ਗਗਨ ਚੁੱਘ ਨੇ ਪਿੰਡਾਂ 'ਚ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਨਸ਼ੇ ਦੇ ਜਾਲ 'ਚ ਫਸੇ ਲੋਕਾਂ ਨੂੰ ਨਸ਼ਾ ਮੁਕਤੀ ਕੇਂਦਰ 'ਚ ਭਰਤੀ ਕਰਵਾਇਆ ਅਤੇ ਇਸ ਕੰਮ 'ਚ ਡਾਕਟਰਾਂ ਨੇ ਵੀ ਪੁਰਾ ਸਾਥ ਦਿੰਦਿਆਂ ਲੋਕਾਂ ਨੂੰ ਨਸ਼ੇ ਦੀ ਦਲਦਲ ਚੋ ਬਾਹਰ ਕੱਢਿਆ ਹੈ । ਪਿੰਡਾਂ ਸਣੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਸਕੂਲ ਕਾਲਜਾਂ 'ਚ ਅਣਗਿਣਤ ਸੈਮੀਨਾਰ ਲਾਏ ਜਾ ਚੁੱਕੇ ਹਨ, ਪਰ ਹੁਣ ਜਿਸ ਤਰ੍ਹਾਂ ਨਾਲ ਸਰਕਾਰ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਨਹੀਂ ਪਾਈ ਜਾ ਸਕੀ ਹੈ ਤਾਂ ਗਗਨ ਚੁੱਘ ਨੇ ਇੱਕ ਸੰਦੇਸ਼ ਸੋਸ਼ਲ ਮੀਡੀਆ ਰਾਹੀ ਸੂਬਾ ਪੰਜਾਬ ਦੇ ਲੋਕਾਂ ਅਤੇ ਖੁਦ ਲੋਕਾਂ ਵਿਚਕਾਰ ਜਾ ਕੇ ਇਸ ਸੰਦੇਸ਼ ਨੂੰ ਪਹੁੰਚਾਇਆ ਹੈ ਕਿ ਨਸ਼ੇ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਸੰਦੇਸ਼ ਜਿਸ ਨੂੰ ਲੋਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ, ਦੇ ਮਜ਼ਮੂਨ ਨੂੰ ਅਸੀਂ ਆਪਣੇ ਪਾਠਕਾਂ ਤੱਕ ਪਹੁੰਚਾਉਣ ਲਈ ਉਸ ਨੂੰ ਹੂਬਹੂ ਇੱਥੇ ਲਿਖਤੀ ਰੂਪ 'ਚ ਪ੍ਰਕਾਸ਼ਿਤ ਕਰ ਰਹੇ ਹਾਂ । 'ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਤੁਹਾਡੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਹਿਸ਼ਕਾਰ ਕਰੋ ਅਤੇ ਉਨ੍ਹਾਂ ਦੀ ਪੁਲਿਸ ਨੂੰ ਇਤਲਾਹ ਕਰੋ, ਨਸ਼ੇ ਦੇ ਮਰੀਜ਼ਾਂ ਦਾ ਇਲਾਜ ਕਰਵਾਓ । ਉਨ੍ਹਾਂ ਨੂੰ ਪਿਆਰ ਨਾਲ ਸਮਝਾਓ ਤਾਂ ਕਿ ਆਪਣਾ ਪੰਜਾਬ ਦੁਬਾਰਾ ਰੰਗਲਾ ਪੰਜਾਬ ਹੋ ਜਾਏ ਇਹ ਆਪਣੀ ਸਾਂਝੀ ਲੜਾਈ ਹੈ ਆਪਾ ਨੂੰ ਹੀ ਲੜਨੀ ਪੈਣੀ ਹੈ'। ਇਹ ਬਿਲਕੁਲ ਸੱਚ ਹੈ ਕਿ ਨਸ਼ੇ ਖ਼ਿਲਾਫ਼ ਲੜਾਈ ਆਪਣੀ ਸਾਰਿਆ ਦੀ ਲੜਾਈ ਹੈ ਅਤੇ ਇਸ 'ਚ ਸਾਰਿਆ ਨੂੰ ਹੰਭਲਾ ਮਾਰਨ ਦੀ ਲੋੜ ਹੈ ਅਤੇ ਆਪਣੇ ਆਲ਼ੇ ਦੁਆਲੇ, ਪਿੰਡ, ਬਸਤੀਆਂ 'ਚ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਅਤੇ ਨਸ਼ੇ ਦੇ ਮਰੀਜ਼ਾਂ ਨਾਲ ਆਪਣੇਪਨ ਜਿਹਾ ਵਤੀਰਾ ਵਰਤਦਿਆਂ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ 'ਚ ਵਾਪਸ ਲਿਆਉਣ ਲਈ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਜਾਵੇ ਤਾਂ ਆਪਾ ਆਪਣੀ ਪੀੜ੍ਹੀ ਨੂੰ ਇਸ ਹੋਲੀ ਜ਼ਹਿਰ ਤੋ ਬਚਾ ਸਕਦੇ ਹਾਂ ।