ਸਿੱਧੂ ਦਾ ਅਸਤੀਫ਼ਾ ਮਨਜ਼ੂਰ, ਆਉਣ ਵਾਲੇ ਦਿਨ ਪੰਜਾਬ ਦੀ ਰਾਜਨੀਤੀ ਲਈ ਹੋਣਗੇ ਅਹਿਮ!    

Last Updated: Jul 20 2019 12:59
Reading time: 1 min, 43 secs

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤਾ ਗਿਆ ਅਸਤੀਫ਼ਾ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰ ਕਰ ਲਿਆ ਹੈ ਤੇ ਹੁਣ ਸਿੱਧੂ ਸਾਬਕਾ ਮੰਤਰੀ ਬਣ ਕੇ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਜਦੋਂ ਦੀ ਪੰਜਾਬ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ ਕੈਪਟਨ ਅਤੇ ਸਿੱਧੂ ਦਰਮਿਆਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੁੰਦੀ ਚਲੀ ਆ ਰਹੀ ਹੈ ਜਿਸ ਦੇ ਚਲਦਿਆਂ ਜਿੱਥੇ ਪਹਿਲਾਂ ਮੁੱਖ ਮੰਤਰੀ ਵੱਲੋਂ ਕਾਫੀ ਦੇਰ ਤੱਕ ਨਰਮ ਰਵੱਈਆ ਹੀ ਅਪਣਾਇਆ ਜਾਂਦਾ ਰਿਹਾ ਹੈ ਪਰ ਲੋਕਸਭਾ ਚੋਣਾਂ ਵਿੱਚ ਕਾਂਗਰਸ ਦੀ ਹੋਈ ਸ਼ਰਮਨਾਕ ਹਾਰ ਨੇ ਜਿੱਥੇ ਸਮੁੱਚੇ ਦੇਸ ਵਿੱਚ ਹੀ ਕਾਂਗਰਸ ਨੂੰ ਹਨੇਰਾ ਵਿੱਚ ਧਕੇਲ ਦਿੱਤਾ ਸੀ ਉੱਥੇ ਸ਼ਾਇਦ ਇਹ ਹਾਰ ਕੈਪਟਨ ਲਈ ਸੰਜੀਵਣੀ ਬਣ ਕੇ ਸਾਹਮਣੇ ਆਈ ਸੀ।ਇਹ ਕਿਆਸ ਲੱਗਦੇ ਰਹੇ ਸਨ ਕਿ ਜੇਕਰ ਕੇਂਦਰ ਵਿੱਚ ਕਾਂਗਰਸ ਸੱਤਾ ਵਿੱਚ ਆ ਜਾਂਦੀ ਹੈ ਤਾਂ ਫੇਰ ਪੰਜਾਬ ਕਾਂਗਰਸ ਅਤੇ ਪੰਜਾਬ ਸਰਕਾਰ ਵਿੱਚ ਵੀ ਫੇਰ ਬਦਲ ਹੋ ਜਾਣਾ ਸੀ ਤੇ ਹੋ ਸਕਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵਿਰੋਧੀ ਗੱਦੀਉ ਲਾਹੁਣ ਵਿੱਚ ਕਾਮਯਾਬ ਹੋ ਹੀ ਜਾਂਦੇ ਪਰ ਇਸ ਹਾਰ ਦੇ ਕਾਰਨ ਜਿੱਥੇ ਵਿਰੋਧੀ ਪਹਿਲਾਂ ਤੋਂ ਵੀ ਵੱਧ ਕਮਜ਼ੋਰ ਹੁੰਦੇ ਦਿਖਾਈ ਦਿੱਤੇ ਹਨ ਉੱਥੇ ਕੈਪਟਨ ਦੀ ਚੜਤ ਬਰਕਰਾਰ ਹੀ ਰਹੀ ਹੈ।

ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਨੇ ਵੀ ਸਿੱਧੂ ਪ੍ਰਤੀ ਆਪਣਾ ਰਵੱਈਆ ਬਦਲ ਲਿਆ ਸੀ ਤੇ ਸਿੱਧੂ ਵੱਲੋਂ ਸਮੇਂ ਸਮੇਂ ਤੇ ਕੀਤੇ ਗਏ ਆਪਣੇ ਅਪਮਾਨ ਦਾ ਬਦਲਾ ਲੈਂਦਿਆਂ ਪਹਿਲਾਂ ਤਾਂ ਸਿੱਧੂ ਦਾ ਵਿਭਾਗ ਬਦਲਿਆ ਗਿਆ ਤੇ ਫੇਰ ਹਾਈਕਮਾਨ ਦੀ ਵੀ ਪ੍ਰਵਾਹ ਨਾ ਕਰਦਿਆਂ ਸਿੱਧੂ ਦੇ ਸਬੰਧ ਵਿੱਚ ਆਪਣਾ ਸਟੈਂਡ ਅਡਿੱਗ ਰੱਖਿਆ ਜਿਸ ਕਰਕੇ ਮਜ਼ਬੂਰ ਹੋ ਕੇ ਆਖੀਰ ਸਿੱਧੂ ਨੂੰ ਆਪਣਾ ਅਸਤੀਫ਼ਾ ਦੇਣਾ ਹੀ ਪੈ ਗਿਆ। ਸਿੱਧੂ ਨੇ ਅਸਤੀਫ਼ਾ ਤਾਂ ਭਾਵੇਂ ਹਾਈਕਮਾਨ ਤੋਂ ਦੁਖੀ ਹੋ ਕੇ ਹੀ ਦਿੱਤਾ ਸੀ ਕਿਉਂਕਿ ਇਹ ਸੁਣਨ ਵਿੱਚ ਮਿਲ ਰਿਹਾ ਸੀ ਕਿ ਸਿੱਧੂ ਦੀ ਹਾਈਕਮਾਨ ਵੱਲੋਂ ਵੀ ਸੁਣਵਾਈ ਨਹੀਂ ਸੀ ਕੀਤੀ ਗਈ। ਬਾਕੀ ਓਧਰ ਸਿੱਧੂ ਵੀ ਕਾਂਗਰਸ ਦੀ ਜਨਰਲ ਸਕੱਤਰ ਇੰਚਾਰਜ ਯੂ ਪੀ ਪ੍ਰਿਅੰਕਾ ਗਾਂਧੀ ਨੂੰ ਮਿਲਣ ਲਈ ਦਿੱਲੀ ਪਹੁੰਚੇ ਗਏ ਸਨ ਪਰ ਉੱਥੇ ਵੀ ਦਾਲ ਨਹੀਂ ਗਲੀ ਲੱਗਦੀ ਜਿਸ ਕਰਕੇ ਹੁਣ ਸਿੱਧੂ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ। ਹੁਣ ਆਉਣ ਵਾਲੇ ਦਿਨ ਪੰਜਾਬ ਦੀ ਰਾਜਨੀਤੀ ਲਈ ਦਿਲਚਸਪ ਹੋਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।