ਜੱਥੇਦਾਰ ਜੀ, ਅਮਰੀਕਾ ਦਾ ਫ਼ਿਕਰ ਛੱਡੋ, ਤੁਸੀਂ ਪੰਜਾਬ ਹੀ ਬਚਾ ਲਓ !!! (ਵਿਅੰਗ)

Last Updated: Jul 20 2019 12:17
Reading time: 1 min, 15 secs

ਸੁਣਿਐ ਕਿ, ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੈਲੇਫੋਰਨੀਆ ਦੇ ਸ਼ਹਿਰ ਫ਼ਰਿਜ਼ਨੋ ਦੇ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ, ਉੱਥੋਂ ਦੇ ਬੱਚਿਆਂ ਨੂੰ ਭੰਗੜਾ ਸਿਖਾਏ ਜਾਣ ਦਾ ਬੜਾ ਸਖ਼ਤ ਨੋਟਿਸ ਲਿਆ ਹੈ। ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ, ਜੱਥੇਦਾਰ ਸਾਹਿਬ ਨੇ ਭੰਗੜਾ ਸਿਖਾਉਣਾ ਬੰਦ ਕਰਨ ਦੇ ਨਾਲ-ਨਾਲ, ਸਬੰਧਿਤ ਲੋਕਾਂ ਤੋਂ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਮੰਗ ਲਿਆ ਹੈ। 

ਦੂਜੇ ਪਾਸੇ ਅਲੋਚਕਾਂ ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਸ਼ਵਰਾ ਦਿੱਤਾ ਹੈ ਅਤੇ ਉਹ ਵੀ ਮੁਫ਼ਤ ਦਾ, ਕਿ ਚੰਗਾ ਹੋਵੇਗਾ ਕਿ, ਉਹ ਅਮਰੀਕਾ ਦਾ ਫ਼ਿਕਰ ਛੱਡ ਕੇ ਪਹਿਲਾਂ, ਆਪਣਾ ਪੰਜਾਬ ਤੇ ਪੰਜਾਬ ਦੀ ਜਵਾਨੀ ਹੀ ਸਾਂਭ ਲੈਣ। ਅਲੋਚਕਾਂ ਦਾ ਕਹਿਣੈ ਕਿ, ਅੱਜ ਪੰਜਾਬ ਅਤੇ ਪੰਜਾਬੀਅਤ ਵਿਰੋਧੀ ਤਾਕਤਾਂ, ਗੁਪਤ ਮਿਸ਼ਨ ਦੇ ਤਹਿਤ ਕੈਮੀਕਲ ਅਤੇ ਸਿੰਥੈਟਿਕ ਨਸ਼ਿਆਂ ਨਾਲ ਪੰਜਾਬੀਆਂ ਅਤੇ ਸਿੱਖਾਂ ਦੀ ਨਸਲਕੁਸ਼ੀ ਕਰ ਰਹੀਆਂ ਹਨ।

ਅਲੋਚਕ ਸਵਾਲ ਕਰਦੇ ਹਨ, ਕੀ ਜੱਥੇਦਾਰ ਸਾਹਿਬ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ, ਉਹ ਦਿਨ ਬਹੁਤੀ ਦੂਰ ਨਹੀਂ ਹਨ ਜਦੋਂ ਪੰਜਾਬ ਨੌਜਵਾਨ ਰਹਿਤ ਹੋ ਜਾਵੇਗਾ। ਅਲੋਚਕਾਂ ਅਨੁਸਾਰ ਕੁਝ ਨੌਜਵਾਨ ਗੋਲੀਆਂ (ਭਾਵੇਂਕਿ ਉਹ ਕਿਸੇ ਵੀ ਕਿਸਮ ਦੀਆਂ ਹੋ) ਖ਼ਾ-ਖ਼ਾ ਕੇ ਮਰ ਰਹੇ ਹਨ ਅਤੇ ਕੁਝ ਪੜ੍ਹਾਈ ਦੇ ਬਹਾਨੇ ਬਾਹਰਲੇ ਦੇਸ਼ਾਂ ਵੱਲ ਭੱਜੇ ਤੁਰੇ ਜਾ ਰਹੇ ਹਨ। 

ਅਲੋਚਕ ਵਿਅੰਗਮਈ ਲਹਿਜ਼ੇ ਵਿੱਚ, ਜੱਥੇਦਾਰ ਸਾਹਿਬ ਨੂੰ ਮਿਹਣਾ ਮਾਰਦੇ ਹੋਏ ਕਹਿੰਦੇ ਹਨ ਕਿ, ਗਿਆਨੀ ਜੀ, ਜੱਥੇਦਾਰਾਂ ਦੀ ਤਾਂ ਕਈ ਲੋਕ, ਇੱਥੇ ਹੀ ਪਰਵਾਹ ਨਹੀਂ ਕਰਦੇ, ਬਾਹਰਲਿਆਂ ਨੇ ਤਾਂ ਭਲਾ ਕਰਨੀ ਹੀ ਕਿਉਂ ਹੈ, ਉਹ ਵੀ ਉਸ ਵੇਲੇ, ਜਦੋਂ ਉਹ ਸੱਤ ਸਮੁੰਦਰੋਂ ਪਾਰ ਰਹਿ ਰਹੇ ਹੋਣ। ਛੱਡੋ ਕੀ ਲੈਣੇ ਤੁਸੀਂ ਅਮਰੀਕਾ ਵਾਲਿਆਂ ਤੋਂ, ਤੁਸੀਂ ਪੰਜਾਬ ਹੀ ਬਚਾ ਲਓ, ਜੇ ਬਚਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।