ਕਰਨਾਟਕ ਸਰਕਾਰ ਵਿੱਚ ਗਵਰਨਰ ਦਾ ਦਖ਼ਲ ਬੇਲੋੜਾ ਤੇ ਮੰਦਭਾਗਾ: ਐਮ ਐਮ ਸਿੰਘ ਚੀਮਾ (ਨਿਊਜ਼ਨੰਬਰ ਖ਼ਾਸ ਖ਼ਬਰ)  

Last Updated: Jul 19 2019 19:48
Reading time: 0 mins, 54 secs

ਸੀਨੀਅਰ ਕਾਂਗਰਸੀ ਸਿਆਸਤਦਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਰਮਾਨੈਂਟ ਇਨਵਾਇਟੀ ਸਰਦਾਰ ਐਮ ਐਮ ਸਿੰਘ ਚੀਮਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਰਨਾਟਕ ਸਰਕਾਰ ਵਿੱਚ ਉੱਥੋਂ ਦੇ ਗਵਰਨਰ ਦੀ ਦਖ਼ਲਅੰਦਾਜ਼ੀ ਨੂੰ ਬੇਲੋੜਾ ਤੇ ਮੰਦਭਾਗਾ ਕਰਾਰ ਦਿੱਤਾ ਹੈ। ਸਰਦਾਰ ਚੀਮਾ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਗਵਰਨਰ ਜਿਸ ਤਰ੍ਹਾਂ ਕਰ ਰਿਹਾ ਹੈ ਉਹ ਨਾਸਮਝੀ ਹੀ ਹੈ ਜੋ ਕਿ ਗਵਰਨਰ ਨੂੰ ਸ਼ੋਭਦੀ ਨਹੀਂ ਹੈ। ਸਰਦਾਰ ਚੀਮਾ ਨੇ ਕਿਹਾ ਹੈ ਭਾਜਪਾ ਨੂੰ ਇਸ ਵੇਲੇ ਸੱਤਾ ਦੀ ਇੰਨੀ ਜ਼ਿਆਦਾ ਲਾਲਸਾ ਵੱਧ ਗਈ ਹੈ ਕਿ ਏਨੇ ਰਾਜਾਂ ਵਿੱਚ ਸਰਕਾਰਾਂ ਬਣਾ ਲੈਣ ਦੇ ਬਾਵਜੂਦ ਵੀ ਜੋੜ ਤੋੜ ਦੀ ਸਿਆਸਤ ਕਰਨੋਂ ਨਹੀਂ ਹਟ ਰਹੇ। ਸਰਦਾਰ ਚੀਮਾ ਦੱਸਿਆ ਕਿ ਪਤਾ ਲੱਗਾ ਹੈ ਕਿ ਵਾਈ ਐਸ ਯੇਦੀਯੁਰੱਪਾ ਇਸ ਕਰਕੇ ਕਰਨਾਟਕ ਦੀ ਸਰਕਾਰ ਡੇਗਣ ਲਈ ਤਰਲੋਮੱਛੀ ਹੋ ਰਿਹਾ ਹੈ ਕਿਉਂਕਿ ਭਾਜਪਾ ਹਾਈਕਮਾਨ ਵੱਲੋਂ ਉਸ ਨੂੰ ਕੁਰਸੀ ਦਾ ਲਾਲਚ ਦਿੱਤਾ ਗਿਆ ਹੈ। ਸਰਦਾਰ ਚੀਮਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਰਨਾਟਕ ਵਿੱਚ ਅਜਿਹੀ ਕਾਰਵਾਈ ਭਾਜਪਾ ਲਈ ਸਹੀ ਹੋਵੇ ਪਰ ਦੁਨੀਆ ਭਰ ਦੀ ਸਭ ਤੋਂ ਵੱਡੇ ਲੋਕਤਾਂਤਰਿਕ ਪ੍ਰਣਾਲੀ ਵਿੱਚ ਇਸ ਤਰ੍ਹਾਂ ਵਾਪਰਨ ਨਾਲ ਜੱਗ ਹਸਾਈ ਹੋ ਰਹੀ ਹੈ। ਭਾਜਪਾ ਵੱਲੋਂ ਤਾਂ ਲੋਕਤਾਂਤਰਿਕ ਪ੍ਰਣਾਲੀ ਦੀਆਂ ਦੁਨੀਆ ਭਰ ਵਿੱਚ ਧੱਜੀਆਂ ਉਡਾਈਆਂ ਜਾ ਰਹੀਆਂ ਹਨ।