"ਜਾਨਵਰਾਂ ਲਈ ਰੱਖੇ ਪਾਣੀ ਦੇ ਬਰਤਨਾਂ ਨੂੰ ਸੁਖਾਉਣਾ ਵੀ ਜ਼ਰੂਰੀ"

Last Updated: Jul 19 2019 19:07
Reading time: 1 min, 21 secs

ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੇ ਆਈ.ਡੀ.ਐਸ.ਪੀ. ਅਤੇ ਐਨ.ਵੀ.ਬੀ.ਡੀ.ਸੀ.ਪੀ. ਵਿਭਾਗ ਵੱਲੋਂ ਈ.ਓ ਦਫ਼ਤਰ, ਬਾਗਬਾਨੀ ਵਿਭਾਗ, ਸ਼ਾਲੀਮਾਰ ਵਿਭਾਗ ਤੇ ਕੈਮਰਾ ਬਾਗ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਤੇ ਡਾ. ਨਵਪ੍ਰੀਤ ਕੌਰ ਵੱਲੋਂ ਬਰਸਾਤ ਤੇ ਡੇਂਗੂ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਫੌਗਿੰਗ ਤੇ ਚਲਾਨਿੰਗ ਵਿਸ਼ੇ ਤੇ ਚਰਚਾ ਕੀਤੀ ਗਈ। ਡਾ. ਰਾਜੀਵ ਭਗਤ ਨੇ ਕਿਹਾ ਕਿ ਬਰਸਾਤ ਦੇ ਸੀਜ਼ਨ ਵਿੱਚ ਡੇਂਗੂ ਤੋਂ ਬਚਾਅ ਲਈ ਚੇਤੰਨ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਾਫ਼ ਪਾਣੀ ਦਾ ਕਿਤੇ ਵੀ ਠਹਿਰਾਅ ਖ਼ਤਰਨਾਕ ਹੈ, ਕਿਉਂਕਿ ਡੇਂਗੂ ਫੈਲਾਉਣ ਵਾਲਾ ਮੱਛਰ ਏਡੀਜ਼ ਏਜੀਪਟੀ ਸਾਫ਼ ਖੜੇ ਪਾਣੀ ਵਿੱਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਵਿੱਚ ਹੀ ਬਚਾਅ ਹੈ।

ਡਾ. ਰਾਜੀਵ ਨੇ ਕਿਹਾ ਕਿ ਘਰਾਂ ਅਤੇ ਦਫ਼ਤਰਾਂ ਵਿੱਚ ਫਰਿੱਜਾਂ ਦੀਆਂ ਟ੍ਰੇਆਂ, ਕੂਲਰਾਂ ਵਿੱਚ, ਛੱਤਾਂ ਤੇ ਪਏ ਕਬਾੜ ਵਿੱਚ ਯਕੀਨੀ ਬਣਾਇਆ ਜਾਵੇ ਕਿ ਉੁੱਥੇ ਪਾਣੀ ਦਾ ਠਹਿਰਾਅ ਨਾ ਹੋਏ। ਇਸ ਤੋਂ ਇਲਾਵਾ ਉਨ੍ਹਾਂ ਸ਼ਾਲੀਮਾਰ ਬਾਗ ਤੇ ਕੈਮਰਾ ਬਾਗ ਵਿੱਚ ਸੈਰ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਬੇਜ਼ੁਬਾਨ ਜਾਨਵਰਾਂ ਤੇ ਪੰਛੀਆਂ ਦੇ ਪਾਣੀ ਪੀਣ ਲਈ ਲੋਕਾਂ ਨੇ ਜੋ ਮਿੱਟੀ ਦੇ ਬਰਤਨ ਰੱਖੇ ਹਨ ਉਨ੍ਹਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕੀਤਾ ਜਾਏ ਤਾਂ ਜੋ ਉਨ੍ਹਾਂ ਵਿੱਚ ਮੱਛਰ ਦਾ ਲਾਰਵਾ ਨਾ ਪੈਦਾ ਹੋ ਸਕੇ। ਡਾ. ਰਾਜੀਵ ਭਗਤ ਨੇ ਕਿਹਾ ਕਿ ਸਾਰਿਆਂ ਦੇ ਸਮੂਹਿਕ ਯਤਨ ਤੇ ਛੋਟੀਆਂ-ਛੋਟੀਆਂ ਗੱਲਾਂ ਵਿੱਚ ਵਰਤੀ ਸਾਵਧਾਨੀ ਅਸਲ ਵਿੱਚ ਜ਼ਿਲ੍ਹੇ ਨੂੰ ਡੇਂਗੂ ਮੁਕਤ ਤੇ ਸਿਹਤਮੰਦ ਰੱਖਣ ਵਿੱਚ ਸਹਾਈ ਹੋਵੇਗੀ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਨਵਪ੍ਰੀਤ ਕੌਰ ਨੇ ਲੋਕਾਂ ਨੂੰ ਬੁਖ਼ਾਰ ਆਦਿ ਦੇ ਹੋਣ ਦੀ ਸੂਰਤ ਵਿੱਚ ਸੈਲਫ ਮੈਡੀਕੇਸ਼ਨ ਤੋਂ ਬਚਣ ਲਈ ਕਿਹਾ ਤੇ ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨ ਨੂੰ ਕਿਹਾ। ਉਨ੍ਹਾਂ ਜ਼ੋਰ ਦਿੱਤਾ ਕਿ 'ਫਰਾਈ ਡੇ ਇਜ਼ ਡਰਾਈ ਡੇ' ਦੀ ਸਖ਼ਤੀ ਨਾਲ ਪਾਲਣਾ ਕਰਨਾ ਯਕੀਨੀ ਬਣਾਈ ਜਾਵੇ।