ਡੀਐਸਪੀ ਨੇ ਕਿਹਾ ਜੱਜ ਦੀ ਗ੍ਰਿਫ਼ਤਾਰੀ ਹੋਵੇਗੀ ਜਲਦੀ, ਕਿਸਾਨਾਂ ਨੇ ਧਰਨਾ ਕੀਤਾ ਮੁਲਤਵੀ.!!!

Last Updated: Jul 19 2019 18:25
Reading time: 1 min, 12 secs

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ 307 ਧਾਰਾ ਦੇ ਮੁਲਜ਼ਮ ਜੱਜ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਥਾਣਾ ਮਮਦੋਟ ਦੇ ਅੰਦਰ ਦਾਖਲ ਹੋ ਕੇ ਦਿੱਤਾ ਧਰਨਾ ਦੇਰ ਸ਼ਾਮ ਦੋ ਗੇੜ ਦੀ ਗੱਲਬਾਤ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀਐੱਸਪੀ ਸਤਨਾਮ ਸਿੰਘ ਦਿਹਾਤੀ ਫ਼ਿਰੋਜ਼ਪੁਰ ਵੱਲੋਂ 24 ਜੁਲਾਈ ਤੱਕ ਮੁਲਜ਼ਮ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ। ਇਸ ਮੌਕੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਭਰੋਸਾ ਮਿਲਣ ਤੋਂ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਗਿਆ। 

ਅੱਜ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਅਤੇ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾਂ ਨੇ ਦੱਸਿਆ ਕਿ ਕਿਸਾਨ ਆਗੂਆਂ ਨੇ ਡੀਐੱਸਪੀ ਅੱਗੇ ਇਲਾਕਾ ਮਮਦੋਟ ਦੇ ਨਸ਼ੇ ਵੇਚਣ ਵਾਲੇ ਵੱਡੇ ਸਮਗਲਰਾਂ ਨੂੰ ਦਬੋਚਣ, ਥਾਣੇ ਅੰਦਰ ਫੈਲਿਆਂ ਵਿਆਪਕ ਭ੍ਰਿਸ਼ਟਾਚਾਰ ਬੰਦ ਕਰਨ ਅਤੇ ਕਿਸਾਨ ਮਜ਼ਦੂਰਾਂ ਦੀਆਂ ਦਿੱਤੀਆਂ ਸ਼ਿਕਾਇਤਾਂ ਉੱਤੇ ਤੁਰੰਤ ਕਾਰਵਾਈ ਕਰਨ ਦੀਆਂ ਰੱਖੀਆਂ ਮੰਗਾਂ 'ਤੇ ਵੀ ਡੀਐੱਸਪੀ ਵੱਲੋਂ ਹਾਂ ਪੱਖੀ ਹੁੰਗਾਰਾ ਭਰਿਆ 'ਤੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। 

ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਿੱਤੇ ਵਚਨ ਅਨੁਸਾਰ 24 ਜੁਲਾਈ ਤੋਂ ਪਹਿਲਾਂ ਪਹਿਲਾਂ ਜੱਜ ਸਿੰਘ ਨੂੰ ਗ੍ਰਿਫ਼ਤਾਰ ਕਰਨ ਰਿਸ਼ਵਤ ਦੇ ਦੋਸ਼ ਹੇਠ ਸਸਪੈਂਡ ਕੀਤੇ ਗਏ ਥਾਣੇਦਾਰ ਦਰਸ਼ਨ ਲਾਲ 'ਤੇ ਵਿਭਾਗੀ ਕਾਰਵਾਈ ਕਰਨ, ਨਸ਼ਾ ਮਾਫ਼ੀਆ 'ਤੇ ਨਕੇਲ ਕੱਸਣ ਤੇ ਕਿਸਾਨ ਮਜ਼ਦੂਰਾਂ ਦੇ ਮਸਲੇ ਹੱਲ ਤੋਂ ਇਲਾਵਾ ਭ੍ਰਿਸ਼ਟਾਚਾਰ ਬੰਦ ਕਰਨ ਅਤੇ ਅਮਲੀ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜੇਕਰ ਟਾਲ ਮਟੋਲ ਹੋਈ ਤਾਂ 25 ਜੁਲਾਈ ਨੂੰ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿੱਚ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਵੱਡਾ ਅੰਦੋਲਨ ਵਿੱਢਣ ਦਾ ਐਲਾਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਹੋਵੇਗਾ।