...ਤੇ ਜਦੋਂ ਪੁਲਿਸ ਨੂੰ ਆਪਣੇ ਹੱਥੀਂ ਬੰਨੀਆਂ ਗੰਢਾਂ ਖੋਲਣੀਆਂ ਹੋਈਆਂ ਔਖੀਆਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 19 2019 15:59
Reading time: 2 mins, 9 secs

ਇੱਕ ਪਾਸੇ ਤਾਂ ਪੁਲਿਸ 'ਤੇ ਦੋਸ਼ ਲੱਗ ਰਹੇ ਹਨ ਕਿ, ਪੁਲਿਸ ਸਮਗਲਰਾਂ ਦੇ ਨਾਲ ਮਿਲ ਕੇ ਨਸ਼ੇ ਨੂੰ ਬੜਾਵਾਂ ਦੇ ਰਹੀ ਹੈ, ਦੂਜੇ ਪਾਸੇ ਸਮਗਲਰ ਇੰਨੇ ਕੁ ਜ਼ਿਆਦਾ ਹਾਵੀ ਹੋ ਚੁੱਕੇ ਹਨ ਕਿ ਉਹ ਆਮ ਲੋਕਾਂ ਦੇ ਵਾਂਗ ਹੁਣ ਪੁਲਿਸ 'ਤੇ ਵੀ ਹਮਲੇ ਕਰਨ ਲੱਗ ਪਏ ਹਨ। ਇੰਝ ਕਹਿ ਸਕਦੇ ਹਾਂ ਕਿ ਪਹਿਲੋਂ ਤਾਂ ਸਮਗਲਰ ਪੁਲਿਸ ਨੂੰ ''ਰਿਸ਼ਵਤ'' ਦਿੰਦੇ ਗਏ, ਜਦੋਂ ਸਮਗਲਰਾਂ ਨੇ ਪੁਲਿਸ ਨੂੰ ਰਿਸ਼ਵਤ ਦੇਣੀ ਬੰਦ ਕਰ ਦਿੱਤੀ ਤਾਂ ਪੁਲਿਸ ਨੇ ਸਮਗਲਰਾਂ 'ਤੇ ਛਾਪੇਮਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਪੁਲਿਸ ਨੂੰ ਸਮਗਲਰਾਂ 'ਤੇ ਕੀਤੀ ਛਾਪੇਮਾਰੀ ਦਾ ਨਤੀਜਾ ਹਰ ਵਾਰ ਭੁਗਤਣਾ ਪਿਆ ਹੈ। ਵੇਖਿਆ ਜਾਵੇ ਤਾਂ ਆਪਣੇ ਹੱਥੀਂ ਬੰਨੀਆਂ, ਗੰਢਾਂ ਨੂੰ ਜਦੋਂ ਕੋਈ ਖੋਲਦਾ ਹੈ ਤਾਂ ਬਹੁਤ ਹੀ ਮੁਸ਼ਕਲ ਖੁਲਦੀਆਂ ਹਨ, ਅਜਿਹਾ ਹੀ ਹੋ ਰਿਹਾ ਹੈ ਪੰਜਾਬ ਦੀ ਪੁਲਿਸ ਦੇ ਨਾਲ। ਜਿਹੜੀ ਕਿ ਪਹਿਲੋਂ ਤਾਂ ਕਥਿਤ ਤੌਰ 'ਤੇ ਸਮਗਲਰਾਂ ਨਾਲ ਮਿਲ ਕੇ ਧੰਦਾ ਕਰਦੀ ਰਹੀ ਅਤੇ ਮੋਟੇ ਪੈਸੇ ਬਟੋਰਦੀ ਰਹੀ, ਪਰ ਜਦੋਂ ਸਮਗਲਰਾਂ ਦੀ ਪੁੱਛ ਪੜ੍ਹਤਾਲ ਹੋਈ ਅਤੇ ਵੱਡੇ ਅਫ਼ਸਰਾਂ ਦਾ ਪੁਲਿਸ ਨੂੰ ਹੁਕਮ ਮਿਲਿਆ ਕਿ ਸਮਗਲਰ ਫੜੇ ਜਾਣ ਤਾਂ, ਉਦੋਂ ਪੁਲਿਸ 'ਤੇ ਹਮਲਾ ਹੋਣਾ ਸ਼ੁਰੂ ਹੋ ਗਿਆ।

ਦੱਸ ਦਈਏ ਕਿ ਤਾਜ਼ਾ, ਜੋ ਜਾਣਕਾਰੀ ਸਾਹਮਣੇ ਆਈ ਹੈ, ਉਹ ਇਹ ਹੈ ਕਿ ਠੇਠਰ ਕਲਾਂ ਵਿਖੇ ਪੁਲਿਸ ਦੇ ਵੱਲੋਂ ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਸ਼ਰਾਬ ਸਮਗਲਰ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਦੇ ਵੱਲੋਂ ਕੀਤੀ ਗਈ ਛਾਪੇਮਾਰੀ ਦੀ ਸੂਚਨਾ ਜਿਵੇਂ ਹੀ ਸਮਗਲਰ ਨੂੰ ਲੱਗੀ ਤਾਂ ਉਹ ਪੁਲਿਸ 'ਤੇ ਹਾਵੀ ਹੋ ਬੈਠਾ ਅਤੇ ਉਸਦੇ ਵੱਲੋਂ ਇੱਕ ਪੰਜਾਬ ਪੁਲਿਸ ਦੇ ਸਿਪਾਹੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਦਿਆਂ ਹੋਇਆਂ, ਉਸਦੀ ਪੱਗ ਲਾਹੁਣ ਤੋਂ ਇਲਾਵਾ ਵਰਦੀ ਆਦਿ ਪਾੜ ਕੇ ਹੱਥ ਫੜਾ ਦਿੱਤੀ ਗਈ।

ਪੁਲਿਸ ਵਾਲੇ ਦੀ ਵਰਦੀ ਪਾੜਣ ਤੋਂ ਇਲਾਵਾ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਪੁਲਿਸ ਥਾਣਾ ਘੱਲ ਖੁਰਦ ਦੇ ਵੱਲੋਂ ਇੱਕ ਵਿਅਕਤੀ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ 'ਤੇ ਜੇਕਰ ਨਿਗ੍ਹਾ ਮਾਰੀਏ ਤਾਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਦੋਸ਼ ਲਗਾਉਂਦਿਆਂ ਹੋਇਆਂ ਸਿਪਾਹੀ ਅਵਤਾਰ ਸਿੰਘ ਨੰਬਰ 6/432 ਆਈ.ਆਰ.ਬੀ. ਨੇ ਦੱਸਿਆ ਕਿ ਉਹ ਐਕਸਾਈਜ਼ ਵਿਭਾਗ ਵਿੱਚ ਡਿਊਟੀ ਕਰਦਾ ਹੈ ਅਤੇ ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ 'ਤੇ ਜਗਤਾਰ ਸਿੰਘ ਦੇ ਘਰ 'ਤੇ ਨਜਾਇਜ਼ ਸ਼ਰਾਬ ਸਬੰਧੀ ਰੇਡ ਕੀਤੀ ਗਈ ਸੀ।

ਅਵਤਾਰ ਸਿੰਘ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਜਗਤਾਰ ਸਿੰਘ ਨੇ ਮੁੱਦਈ ਦੀ ਪੱਗ ਉਤਾਰ ਦਿੱਤੀ ਅਤੇ ਵਰਦੀ ਪਾੜਨ ਤੋਂ ਇਲਾਵਾ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਇਸ ਮਾਮਲੇ ਦੀ ਜਾਂਚ ਕਰ ਰਹੀ ਏਐਸਆਈ ਰਜਵੰਤ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਿਪਾਹੀ ਅਵਤਾਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਗਤਾਰ ਸਿੰਘ ਪੁੱਤਰ ਦੁੱਲਾ ਸਿੰਘ ਵਾਸੀ ਠੇਠਰ ਕਲਾਂ ਦੇ ਵਿਰੁੱਧ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਏਐਸਆਈ ਰਜਵੰਤ ਕੌਰ ਮੁਤਾਬਿਕ ਜਗਤਾਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਅਤੇ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।