ਬਰਗਾੜੀ ਵਿੱਚ ਸਿੱਖ ਨੌਜਵਾਨ ਤੇ ਚਲਾਈ ਗਈ ਗੋਲੀ ਕੀਤੇ ਫਿਰ ਤੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਤਾਂ ਨਹੀਂ ( ਨਿਊਜ਼ ਨੰਬਰ ਖ਼ਾਸ ਖ਼ਬਰ )

Last Updated: Jul 19 2019 13:47
Reading time: 1 min, 16 secs

ਬਰਗਾੜੀ 2015 ਤੋਂ ਬਾਅਦ ਸਮੂਹ ਸਿੱਖ ਸੰਗਤ ਅਤੇ ਦੁਨੀਆ ਦੇ ਧਿਆਨ ਵਿੱਚ ਰਿਹਾ ਹੈ ਕਿਉਂਕਿ 2015 ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹ ਕੇਂਦਰ ਸੀ ਅਤੇ ਉਸ ਸਮੇਂ ਤੋਂ ਹੀ ਬਰਗਾੜੀ ਸਿੱਖ ਸੰਗਤ ਦੀ ਤਵੱਜੋ ਦਾ ਵੀ ਕੇਂਦਰ ਬਣ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲਿਆਂ ਦਾ ਹਾਲੇ ਤੱਕ ਥੋਹ ਪਤਾ ਨਹੀਂ ਲੱਗ ਸਕਿਆ ਹੈ ਅਤੇ ਸਿਆਸੀ ਪਾਰਟੀਆਂ ਇੱਕ ਦੂਜੇ 'ਤੇ ਇਲਜਾਮਸਾਜੀ ਕਰ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਿੱਧਾ ਅਤੇ ਸਪਸ਼ਟ ਮਤਲਬ ਪੰਜਾਬ ਦੇ ਅਮਨ ਨੂੰ ਢਾਹ ਪਹੁੰਚਾਉਣਾ ਸੀ ਜੋ ਕਿ ਕੁੱਝ ਹੱਦ ਤੱਕ ਸਾਜ਼ਿਸ਼ ਕਰਤਾ ਸਫਲ ਵੀ ਹੋ ਗਏ। ਬੀਤੀ ਰਾਤ ਫਿਰ ਬਰਗਾੜੀ ਵਿਖੇ ਹੀ ਇੱਕ ਸਿੱਖ ਨੌਜਵਾਨ ਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿੱਚ ਸਿੱਖ ਨੌਜਵਾਨ ਤਾਂ ਬਚਣ ਵਿੱਚ ਸਫਲ ਰਿਹਾ ਪਰ ਉਸ ਦੀ ਕਾਰ ਬੁਰੀ ਤਰਾਂ ਨੁਕਸਾਨੀ ਗਈ ਹੈ। ਇਹ ਸਿੱਖ ਨੌਜਵਾਨ ਕਿਸੇ ਸਿੱਖ ਸੰਸਥਾ ਨਾਲ ਸੰਬੰਧਿਤ ਦੱਸਿਆ ਜਾਂ ਰਿਹਾ ਹੈ। ਹੁਣ ਗੱਲ ਇਹ ਆਉਂਦੀ ਹੈ ਕਿ ਬਰਗਾੜੀ ਵਿਖੇ ਇੱਕ ਸਿੱਖ ਨੌਜਵਾਨ ਤੇ ਗੋਲੀਆਂ ਚਲਾਉਣਾ ਕਦੀ ਫਿਰ ਤੋਂ ਪੰਜਾਬ ਵਿੱਚ ਅਮਨ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਤਾਂ ਨਹੀਂ ? ਇਸ ਤੋਂ ਪਹਿਲਾ ਡੇਰਾ ਪ੍ਰੇਮੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦਾ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਕਤਲ ਵੀ ਇਹੀ ਇਸ਼ਾਰਾ ਕਰਦਾ ਹੈ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨ ਕੀਤੇ ਜਾਂ ਰਹੇ ਹਨ। ਬਰਗਾੜੀ ਵਿਖੇ ਹੋਈ ਇਸ ਘਟਨਾ ਦੀ ਸਰਕਾਰ ਨੂੰ ਫ਼ੌਰੀ ਤੌਰ 'ਤੇ ਇੱਕ ਨਿਰਪੱਖ ਜਾਂਚ ਕਰਨ ਦੀ ਲੋੜ ਹੈ ਕਿਉਂਕਿ ਇਹ ਹੁਣ ਲਾਜ਼ਮੀ ਹੋ ਗਿਆ ਹੈ ਕਿ ਪੰਜਾਬ ਨੂੰ ਲੜਾਈ ਝਗੜੇ ਦੀ ਅੱਗ ਵਿੱਚ ਸੁੱਟਣ  ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਤੁਰੰਤ ਰੋਕ ਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।