ਨਸ਼ਾ ਤਸਕਰਾਂ ਦੀ ਪੈੜ ਨੱਪਣ ਨੂੰ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਪਿੰਡਾਂ ਚ ਚਲਾਇਆ ਸਰਚ ਓਪਰੇਸ਼ਨ

Last Updated: Jul 19 2019 13:30
Reading time: 2 mins, 8 secs

ਨਸ਼ਿਆਂ ਦੀ ਸਪਲਾਈ ਤੋੜਕੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਤਸਕਰਾਂ ਨੂੰ ਕਾਬੂ ਕਰਨ ਸਬੰਧੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਤਿਆਰ ਕੀਤੀ ਗਈ ਰਣਨੀਤੀ ਦੇ ਤਹਿਤ ਪੁਲਿਸ ਅਧਿਕਾਰੀਆਂ ਵੱਲੋਂ ਪਿੰਡ ਦੁਫੇੜਾ ਅਤੇ ਮਹਿਮਦਪੁਰ ਚ ਸਰਚ ਓਪਰੇਸ਼ਨ ਚਲਾਇਆ ਗਿਆ। ਸਬ ਡਵੀਜ਼ਨ ਬਸੀ ਪਠਾਣਾਂ ਦੇ ਡੀਐਸਪੀ ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਚ ਪੁਲਿਸ ਅਧਿਕਾਰੀਆਂ ਅਤੇ ਵੱਡੀ ਗਿਣਤੀ ਚ ਮੁਲਾਜ਼ਮਾਂ ਵੱਲੋਂ ਦੋਨਾਂ ਪਿੰਡਾਂ ਦੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਘਰਾਂ ਚ ਚੈਕਿੰਗ ਕੀਤੀ ਗਈ। ਸਰਚ ਓਪਰੇਸ਼ਨ ਚ ਸੀਆਈਏ ਇੰਚਾਰਜ ਫ਼ਤਿਹਗੜ੍ਹ ਸਾਹਿਬ ਕੁਲਵੰਤ ਸਿੰਘ, ਪੁਲਿਸ ਥਾਣਾ ਬਸੀ ਪਠਾਣਾਂ ਦੇ ਐਸਐਚਓ ਕੰਵਰਪਾਲ ਸ਼ਰਮਾ ਅਤੇ ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਮਹਿੰਦਰ ਸਿੰਘ ਸ਼ਾਮਲ ਸਨ। ਸਰਚ ਓਪਰੇਸ਼ਨ ਦੌਰਾਨ ਨਸ਼ਾ ਵੇਚਣ ਵਾਲੇ ਪਿੰਡ ਦੁਫੇੜਾ ਦੇ ਸੰਦੀਪ ਸਿੰਘ (25) ਨੂੰ ਨਸ਼ੇ ਸਣੇ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫ਼ਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਚ ਨਸ਼ਿਆਂ ਦੇ ਖ਼ਾਤਮੇ ਲਈ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਸਬੰਧੀ ਤਿਆਰ ਕੀਤੀ ਗਈ ਇੱਕ ਵਿਆਪਕ ਯੋਜਨਾ ਦੇ ਤਹਿਤ ਪੁਲਿਸ ਵੱਲੋਂ ਪਿੰਡ ਪੱਧਰ ਤੇ ਲੋਕਾਂ ਦੇ ਸਹਿਯੋਗ ਨਾਲ ਸਰਚ ਓਪਰੇਸ਼ਨ ਦੀ ਸ਼ੁਰੂਆਤ ਕੀਤੀ ਹੈ। ਇਸੇ ਲੜੀ ਅਧੀਨ ਡੀਐਸਪੀ ਬਸੀ ਪਠਾਣਾਂ ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਚ ਪੁਲਿਸ ਅਧਿਕਾਰੀਆਂ ਵੱਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੁਫੇੜਾ ਅਤੇ ਮਹਿਮਦਪੁਰ ਚ ਚੈਕਿੰਗ ਮੁਹਿੰਮ ਚਲਾਈ ਗਈ। ਚੈਕਿੰਗ ਦੌਰਾਨ ਨਸ਼ਾ ਵੇਚਣ ਦਾ ਕੰਮ ਕਰਨ ਵਾਲੇ ਸੰਦੀਪ ਸਿੰਘ ਵਾਸੀ ਪਿੰਡ ਦੁਫੇੜਾ ਨੂੰ ਗਿਰਫਤਾਰ ਕੀਤਾ ਗਿਆ ਹੈ, ਜਿਸਦੇ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ।

ਐਸਐਸਪੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਨ ਲਈ ਪੁਲਿਸ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਸਰਚ ਓਪਰੇਸ਼ਨ ਸ਼ੁਰੂ ਕਰਨ ਦਾ ਉਦੇਸ਼ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਨਾਲ-ਨਾਲ ਨਸ਼ਿਆਂ ਦੀ ਦਲਦਲ ਚ ਫਸੇ ਵਿਅਕਤੀਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਕੇ ਉਨ੍ਹਾਂ ਦਾ ਸਰਕਾਰੀ ਨਸ਼ਾ ਛੁਡਾਊ ਕੇਂਦਰ ਅਤੇ ਓਟ ਕਲੀਨਿਕਾਂ ਚ ਮੁਫ਼ਤ ਇਲਾਜ ਕਰਵਾਉਣਾ ਹੈ, ਜਿਸ ਚ ਪੁਲਿਸ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵੇਚਣ ਵਾਲਿਆਂ ਦੀ ਪੁਲਿਸ ਨੂੰ ਸੂਚਨਾ ਦੇਣ ਚ ਕੋਈ ਲਾਪਰਵਾਹੀ ਨਾ ਵਰਤਣ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

ਐਸਐਸਪੀ ਕੌਂਡਲ ਨੇ ਕਿਹਾ ਕਿ ਇਸ ਗੱਲ ਚ ਕੋਈ ਸਚਾਈ ਨਹੀਂ ਹੈ ਕਿ ਪੁਲਿਸ ਨਸ਼ਾ ਵੇਚਣ ਵਾਲਿਆਂ ਨੂੰ ਫੜਕੇ ਛੱਡ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਥਾਣਾ ਅਫ਼ਸਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਸਲਾਖ਼ਾਂ ਅੰਦਰ ਬੰਦ ਕੀਤਾ ਜਾਵੇ ਅਤੇ ਨਸ਼ਾ ਵੇਚਣ ਵਾਲੇ ਕਿਸੇ ਸ਼ਖ਼ਸ ਨੂੰ ਬਖ਼ਸ਼ਿਆ ਨਾ ਜਾਵੇ ਤੇ ਉਸ ਵਿਅਕਤੀ ਖ਼ਿਲਾਫ਼ ਪਰਚੇ ਦਰਜ ਕੀਤੇ ਜਾਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਬਹਿਕਾਵੇ ਚ ਨਾ ਆਉਣ ਬਲਕਿ ਸਚਾਈ ਦਾ ਸਾਥ ਦੇਣ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕਦਾ ਹੈ।