ਨਿਵੇਕਲੀ ਪਹਿਲ ਸਕੂਲਾਂ ਅੰਦਰ 'ਬਾਲਿਕਾ ਮੰਚ'

Last Updated: Jul 19 2019 13:26
Reading time: 2 mins, 0 secs

ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਸਕੂਲਾਂ ਅੰਦਰ 'ਬਾਲਿਕਾ ਮੰਚ' ਸਥਾਪਿਤ ਕਰਨ ਦਾ ਵਿਸ਼ੇਸ਼ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਅੱਜ ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਅੰਦਰ 'ਬਾਲਿਕਾ ਮੰਚ' ਸਥਾਪਿਤ ਕਰਨ ਸਬੰਧੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਲੈਕਚਰਾਰਾਂ ਨਾਲ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਰਕੇਸ਼ ਬਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਮੈਡਮ ਸੁਮਨਦੀਪ ਕੋਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਲਖਵਿੰਦਰ ਸਿੰਘ ਡਿਪਟੀ ਡੀ.ਈ.ਓ (ਸ), ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਤੇ ਸਕੂਲ ਮੁਖੀ ਆਦਿ ਹਾਜ਼ਰ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥਣਾਂ ਅੰਦਰ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਉਨ੍ਹਾਂ ਨੂੰ ਸ਼ਕਤੀਕਰਨ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਭਰ ਦੇ ਸਕੂਲਾਂ ਅੰਦਰ 'ਬਾਲਿਕਾ ਮੰਚ' ਸਥਾਪਿਤ ਕੀਤੇ ਜਾਣਗੇ, ਜਿੱਥੇ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਮੰਚ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੂਲ ਅੰਦਰ 'ਬਾਲਿਕਾ ਮੰਚ' 'ਚ ਵਿਦਿਆਰਥਣਾਂ ਤੇ ਅਧਿਆਪਕਾ ਮੈਂਬਰ ਹੋਣਗੇ ਜੋ ਹਰ ਹਫ਼ਤੇ ਇੱਕ ਦਿਨ ਇਸ ਮੰਚ ਰਾਹੀ ਆਪਸੀ ਸਮੱਸਿਆਵਾਂ 'ਤੇ ਵਿੱਚਾਰ ਵਟਾਂਦਰਾ ਕਰਨਗੇ।

ਉਨ੍ਹਾਂ ਕਿਹਾ ਕਿ 'ਬਾਲਿਕਾ ਮੰਚ' ਸਥਾਪਿਤ ਕਰਨ ਦਾ ਮੁੱਖ ਮੰਤਵ ਵਿਦਿਆਰਥਣਾਂ ਨੂੰ ਇੱਕ ਮੰਚ ਮੁਹੱਈਆ ਕਰਵਾਉਣਾ ਹੈ, ਜਿੱਥੇ ਉਹ ਆਪਣੀਆਂ ਸਮੱਸਿਆਵਾਂ ਬਾਰੇ ਵਿੱਚਾਰ ਵਟਾਂਦਰਾ ਕਰ ਸਕਣਗੀਆਂ। ਔਰਤਾਂ ਨਾਲ ਸੰਬੰਧਿਤ ਮੁਸਕਿਲਾਂ ਸਬੰਧੀ ਵਿੱਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਵਿਭਾਗ ਵੱਲੋਂ ਸਾਲ ਭਰ ਦਾ ਕਲੰਡਰ ਤਿਆਰ ਕੀਤਾ ਗਿਆ ਹੈ ਅਤੇ ਸਕੂਲਾਂ 'ਚ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਸਕੂਲ ਅੰਦਰ ਭਾਸ਼ਣ, ਕਵਿਤਾ, ਮਹਿੰਦੀ, ਰੰਗੋਲੀ , ਪ੍ਰਸ਼ਨੋਤਰੀ ਆਦਿ ਮੁਕਾਬਲੇ ਕਰਵਾਏ ਜਾਣਗੇ।

ਉਨ੍ਹਾਂ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਸਕੂਲਾਂ ਅੰਦਰ 'ਬਾਲਿਕਾ ਮੰਚ' ਨੂੰ ਪੂਰੇ ਮਨ ਤੇ ਲਗਨ ਨਾਲ ਚਲਾਉਣ। ਅਧਿਆਪਕ ਖ਼ੁਦ ਰੋਲ ਮਾਡਲ ਬਣਨ। ਵਿਦਿਆਰਥਣਾਂ ਅੰਦਰ ਸਹੀ ਤੇ ਗ਼ਲਤ ਵਿੱਚ ਅੰਤਰ ਸਬੰਧੀ ਬੋਲਣ ਦੀ ਭਾਵਨਾ ਪੈਦਾ ਕਰਨ। ਵਿਦਿਆਰਥਣਾਂ ਵਿੱਚ ਸਵੈ ਵਿਸ਼ਵਾਸ ਪੈਦਾ ਕਰਨ ਲਈ ਉਨ੍ਹਾਂ ਨੂੰ ਡਰਾਈਵਿੰਗ ਸਿੱਖਣ ਲਈ ਪ੍ਰੇਰਿਤ ਕਰਨ। ਵਿਦਿਆਰਥਣਾਂ ਅੰਦਰ ਸੋਸ਼ਲ ਮੁੱਦਿਆਂ ਤੇ ਬਹਿਸ ਬਾਜ਼ੀ/ ਵਿੱਚਾਰ ਚਰਚਾ ਕਰਵਾਈ ਜਾਵੀ। ਵਿਦਿਆਰਥਣਾਂ ਨੂੰ ਖ਼ੁਦ ਦੀ ਸ਼ਖ਼ਸੀਅਤ ਨਿਖਾਰਨ ਲਈ ਪ੍ਰੇਰਿਤ ਕੀਤਾ ਜਾਵੇ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਹੁਨਰ ਮੰਦ ਬਣਾਇਆ ਜਾਵੇ। ਹੱਥਾਂ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਵਸਤੂਆਂ ਪ੍ਰਤੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਆਇਰਨ ਦੀ ਗੋਲੀਆਂ ਲਗਾਤਾਰ ਖਵਾਓ ਤਾਂ ਜੋ ਉਨ੍ਹਾਂ ਦੀ ਸ਼ਖ਼ਸੀਅਤ ਨਿਖਾਰ ਵਿੱਚ ਕੋਈ ਕਮੀ ਨਾ ਰਹੇ।
 
ਇਸ ਮੌਕੇ ਉਨ੍ਹਾਂ ਸਕੂਲ ਮੁਖੀਆਂ ਨੂੰ 'ਬਾਲਿਕਾ ਮੰਚ' ਸਥਾਪਿਤ  ਕਰਨ ਤੋਂ ਇਲਾਵਾ ਸਕੂਲਾਂ ਅੰਦਰ ਰੋਜ਼ਾਨਾ ਵਿਦਿਆਰਥੀਆਂ ਨੂੰ ਪਾਣੀ ਦੀ ਦੁਰਵਰਤੋਂ ਨਾ ਕਰਨ ਸਬੰਧੀ ਵੀ ਜਾਗਰੂਕ ਕਰਨ ਲਈ ਵੀ ਕਿਹਾ। ਕਿਉਂਕਿ ਵਰਤਮਾਨ ਸਮੇਂ ਅੰਦਰ ਪਾਣੀ ਦੀ ਘਾਟ ਸਬੰਧੀ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ। ਇਸ ਲਈ ਪਾਣੀ ਬਚਾਉਣ ਲਈ ਹੁਣ ਤੋਂ ਹੀ ਤੇਜ਼ੀ ਨਾਲ ਯਤਨ ਸ਼ੁਰੂ ਕਰਨੇ ਪੈਣਗੇ।