ਆਖ਼ਿਰ ਕੌਣ ਡਕਾਰ ਗਿਆ, ਨਹਿਰਾਂ ਦੀ ਸਫ਼ਾਈ ਲਈ ਆਏ ਕਰੋੜਾਂ ਰੁਪਏ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 19 2019 13:24
Reading time: 3 mins, 46 secs

ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ, ਉਦੋਂ ਤੋਂ ਲੈ ਕੇ ਹੀ ਸਾਡੇ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਵਧਿਆ ਹੈ। ਅੰਗਰੇਜ਼ਾਂ ਦੇ ਰਾਜ ਵਿੱਚ ਜਿਹੜੇ ਅਫ਼ਸਰ ਠੱਗੀਆਂ ਮਾਰਨ ਤੋਂ ਡਰਦੇ ਹੁੰਦੇ ਸੀ, ਹੁਣ ਉਹੀ ਅਫ਼ਸਰ ਵੱਡੇ ਪੱਧਰ 'ਤੇ ਭ੍ਰਿਸ਼ਟ ਹੋ ਚੁੱਕੇ ਹਨ। ਇਸਦਾ ਇੱਕੋ ਇੱਕ ਕਾਰਨ ਹੈ ਕਿ ਸਾਡੇ ਦੇਸ਼ ਦੀਆਂ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਕਿਸੇ ਨੇ ਵੀ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਗੱਲ ਨਹੀਂ ਕੀਤੀ। ਵੇਖਿਆ ਜਾਵੇ ਤਾਂ ਜਦੋਂ ਸਾਰਾ ਸਿਸਟਮ ਹੀ ਖ਼ਰਾਬ ਚੱਲਦਾ ਹੋਵੇ ਤਾਂ ਫਿਰ ਰੋਕੂ ਕੌਣ?

ਦੋਸਤੋਂ, ਇਸ ਵੇਲੇ ਬਰਸਾਤੀ ਮੌਸਮ ਚੱਲ ਰਿਹਾ ਹੈ। ਬਰਸਾਤ ਪੂਰੇ ਉੱਤਰ ਭਾਰਤ ਵਿੱਚ ਪੈ ਰਹੀ ਹੈ, ਜਿਸਦੇ ਕਾਰਨ ਹੁਣ ਤੱਕ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਚੁੱਕਿਆ ਹੈ ਅਤੇ ਕਈ ਜਗ੍ਹਾਵਾਂ 'ਤੇ ਨੁਕਸਾਨ ਹੋਣ ਵਾਲਾ ਹੈ। ਦੱਸ ਦਈਏ ਕਿ ਪੰਜਾਬ ਦੇ ਅੰਦਰ ਇਸ ਵੇਲੇ ਵੱਡੇ ਪੱਧਰ 'ਤੇ ਬਾਰਸ਼ ਹੋ ਰਹੀ ਹੈ। ਬਾਰਸ਼ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਆਦਿ ਤੋਂ ਰਾਹਤ ਮਿਲੀ ਹੈ, ਉੱਥੇ ਹੀ ਤਬਾਹੀ ਵੀ ਮੱਚ ਚੁੱਕੀ ਹੈ। ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ ਅਤੇ ਨਾਲ ਹੀ ਪਸ਼ੂਆਂ ਦੇ ਲਈ ਹਰਾ ਚਾਰਾ ਵੀ ਖ਼ਰਾਬ ਹੋ ਚੁੱਕਿਆ ਹੈ।

ਦਰਅਸਲ, ਪੰਜਾਬ ਸਮੇਤ ਦੇਸ਼ ਦੀਆਂ ਸਰਕਾਰਾਂ ਹੁਣ ਤੱਕ ਇਹੋ ਜਿਹਾ ਕੋਈ ਸਿਸਟਮ ਹੀ ਨਹੀਂ ਬਣਾ ਸਕੀਆਂ, ਜਿਸਦੇ ਨਾਲ ਮੀਂਹ ਦਾ ਪਾਣੀ ''ਸੇਵ'' ਕੀਤਾ ਜਾ ਸਕੇ। ਦੱਸ ਦਈਏ ਕਿ ਮੀਂਹ ਦੇ ਕਾਰਨ ਦਰਿਆਵਾਂ ਅਤੇ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਕਾਫ਼ੀ ਜ਼ਿਆਦਾ ਵੱਧ ਚੁੱਕਿਆ ਹੈ। ਜਿਸਦੇ ਨਾਲ ਜਨਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਵੀ ਹੋ ਰਿਹਾ ਹੈ। ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਦਰਿਆਵਾਂ ਅਤੇ ਨਹਿਰਾਂ ਦੀ ਸਫ਼ਾਈ ਆਦਿ ਨਾ ਹੋਣ ਦੇ ਕਾਰਨ ਦਰਿਆਵਾਂ ਤੇ ਨਹਿਰਾਂ ਵਿੱਚ ਕਲਾਲੀ ਪੂਰੀ ਤਰ੍ਹਾਂ ਨਾਲ ਜਮ੍ਹਾਂ ਹੋ ਚੁੱਕੀ ਹੈ।

ਜਿਸਦੇ ਕਾਰਨ ਦਰਿਆਈ ਬੰਨ੍ਹ ਤੋਂ ਇਲਾਵਾ ਨਹਿਰਾਂ ਟੁੱਟ ਰਹੀਆਂ ਹਨ। ਫਿਰੋਜ਼ਪੁਰ ਸਮੇਤ ਪੰਜਾਬ ਦੀਆਂ ਬਹੁਤ ਸਾਰੀਆਂ ਨਹਿਰਾਂ ਅਜਿਹੀਆਂ ਹਨ, ਜਿਨ੍ਹਾਂ ਦੀ ਹਾਲਤ ਕਾਫ਼ੀ ਜ਼ਿਆਦਾ ਖ਼ਸਤਾ ਹੋਈ ਪਈ ਹੈ ਅਤੇ ਨਹਿਰਾਂ ਟੁੱਟਣ ਦੇ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਫਿਰੋਜ਼ਪੁਰ ਦੀਆਂ ਬਹੁਤ ਸਾਰੀਆਂ ਨਹਿਰਾਂ ਦੀ ਸਫਾਈ ਨਾ ਹੋਣ ਦੇ ਕਾਰਨ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਆਖ਼ਰ ਸਰਕਾਰ ਦੇ ਵੱਲੋਂ ਸਰਕਾਰੀ ਖ਼ਜ਼ਾਨੇ ਵਿੱਚੋਂ ਹਰ ਸਾਲ ਜੋ ਕਰੋੜਾਂ ਰੁਪਇਆ ਸਫ਼ਾਈ ਦੇ ਨਾਂਅ 'ਤੇ ਨਹਿਰੀ ਵਿਭਾਗ ਨੂੰ ਦਿੱਤਾ ਜਾਂਦਾ ਹੈ।

ਉਹ ਕਰੋੜਾਂ ਰੁਪਇਆ ਕਿਹੜੇ ਖੂਹ ਖ਼ਾਤੇ ਵਿੱਚ ਚਲਾ ਜਾਂਦਾ ਹੈ, ਇਸਦਾ ਹੁਣ ਤੱਕ ਪਤਾ ਹੀ ਨਹੀਂ ਲੱਗ ਸਕਿਆ। ਦੋਸਤੋਂ, ਦਰਿਆਵਾਂ ਅਤੇ ਨਹਿਰਾਂ ਦੇ ਵਿੱਚ ਜਮ੍ਹਾਂ ਹੋਈ ਕਲਾਲੀ ਸਾਫ਼ ਦਰਸਾ ਰਹੀ ਹੈ ਕਿ ਸਰਕਾਰ ਦੇ ਵੱਲੋਂ ਨਹਿਰੀ ਵਿਭਾਗ ਨੂੰ ਦਿੱਤੇ ਕਰੋੜਾਂ ਰੁਪਏ ਇਸ ਕਲਾਲੀ ਦੇ ਵਿੱਚ ਹੀ ਰੁੜ ਗਏ ਹਨ। ਜੇਕਰ ਅਧਿਕਾਰੀਆਂ ਨੇ ਕਰੋੜਾਂ ਰੁਪਏ ਲਗਾ ਕੇ ਨਹਿਰਾਂ ਤੇ ਦਰਿਆਵਾਂ ਦੀ ਸਫ਼ਾਈ ਕਰਵਾਈ ਹੁੰਦੀ ਤਾਂ ਮੀਂਹ ਆਦਿ ਦਾ ਸਾਰਾ ਪਾਣੀ ਉਸ ਵਿੱਚ ਜਮ੍ਹਾਂ ਕੀਤਾ ਜਾ ਸਕਦਾ ਸੀ ਅਤੇ ਨੁਕਸਾਨ ਹੋਣੋਂ ਵੀ ਬਚ ਸਕਦਾ ਸੀ।

ਪਰ ਅਜਿਹਾ ਨਹੀਂ ਹੋ ਸਕਿਆ। ਨਹਿਰੀ ਵਿਭਾਗ ਦੇ ਅਧਿਕਾਰੀ ਦੀ ਮਿਲੀਭੁਗਤ ਦੇ ਨਾਲ ਆਮ ਲੋਕਾਂ ਤੋਂ ਇਲਾਵਾ ਕਿਸਾਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ। ਨਹਿਰੀ ਵਿਭਾਗ ਦੇ ਅਧਿਕਾਰੀ ਜਿਹੜੇ ਕਿ ਸਫ਼ਾਈ ਦੇ ਨਾਂਅ 'ਤੇ ਸਰਕਾਰ ਕੋਲੋਂ ਹਰ ਸਾਲ ਕਰੋੜਾਂ ਰੁਪਇਆ ਤਾਂ ਲੈ ਲੈਂਦੇ ਹਨ, ਪਰ ਉਸ ਨੂੰ ਸਹੀ ਜਗ੍ਹਾ 'ਤੇ ਲਗਾਉਣ ਦੀ ਬਿਜਾਏ, ਅਧਿਕਾਰੀ ਆਪਣੀਆਂ ਜੇਬਾਂ ਗਰਮ ਕਰਨ ਦੇ ਵੱਲ ਹੀ ਧਿਆਨ ਮਾਰਦੇ ਹਨ। ਜੇਕਰ ਇਨ੍ਹਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਰਤਾ ਵੀ ਸ਼ਰਮ ਹੋਵੇ ਤਾਂ ਇਹ ਕਦੇ ਵੀ ਸਰਕਾਰ ਦਾ ਪੈਸਾ ਨਜਾਇਜ਼ ਨਾ ਖਾਣ।

ਅਧਿਕਾਰੀ ਦੀ ਅਣਗਹਿਲੀ ਦੇ ਕਾਰਨ ਹੀ ਨਹਿਰਾਂ ਅਤੇ ਦਰਿਆਵਾਂ ਦੇ ਵਿੱਚ ਕਲਾਲੀ ਜੰਮਦੀ ਹੈ, ਜਿਸਦੇ ਕਾਰਨ ਦਰਿਆ ਅਤੇ ਨਹਿਰਾਂ ਟੁੱਟ ਜਾਂਦੀਆਂ ਹਨ ਅਤੇ ਵੱਡਾ ਨੁਕਸਾਨ ਹੋ ਜਾਂਦਾ ਹੈ। ਹਰ ਵਾਰ ਜਦੋਂ ਵੀ ਨਹਿਰਾਂ ਅਤੇ ਦਰਿਆ ਟੁੱਟੇ ਹਨ ਤਾਂ ਇਸ ਦਾ ਇੱਕੋ-ਇੱਕ ਹੀ ਕਾਰਨ ਸਾਹਮਣੇ ਆਇਆ ਹੈ ਕਿ ਨਹਿਰਾਂ ਅਤੇ ਦਰਿਆਵਾਂ ਦੀ ਸਫ਼ਾਈ ਨਹੀਂ ਸੀ ਹੋਈ। ਜਿਸਦੇ ਕਾਰਨ ਨਹਿਰਾਂ ਅਤੇ ਦਰਿਆ ਟੁੱਟ ਗਏ ਅਤੇ ਇਸ ਨਾਲ ਵੱਡਾ ਨੁਕਸਾਨ ਹੋ ਗਿਆ। ਹਰ ਸਾਲ ਹੀ ਕਿਸਾਨਾਂ ਦੀਆਂ ਸੈਂਕੜੇ ਏਕੜ ਫ਼ਸਲਾਂ ਹੜ੍ਹ ਦੀ ਲਪੇਟ ਵਿੱਚ ਆ ਜਾਂਦੀਆਂ ਹਨ।

ਪਰ.!!! ਸਰਕਾਰ ਅਤੇ ਪ੍ਰਸ਼ਾਸਨ ਕਦੇ ਵੀ ਕਿਸਾਨਾਂ ਨੂੰ ਰਾਹਤ ਦਿਵਾ ਨਹੀਂ ਪਾਉਂਦੀ। ਨਹਿਰੀ ਵਿਭਾਗ ਦੇ ਅਧਿਕਾਰੀ ਵੀ ਸਫ਼ਾਈ ਕਰਵਾਉਣ ਦੇ ਲਈ ਆਈਆਂ ਗ੍ਰਾਂਟਾਂ ਡਕਾਰ ਜਾਂਦੇ ਹਨ। ਨਹਿਰੀ ਵਿਭਾਗ ਫਿਰੋਜ਼ਪੁਰ ਦੇ ਐਕਸੀਅਨ ਗੋਇਲ ਦੇ ਨਾਲ ਜਦੋਂ ਨਹਿਰਾਂ ਵਿੱਚ ਜੰਮੀ ਕਲਾਲੀ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹ ਆਪਣਾ ਪੱਲੜਾ ਝਾੜਦੇ ਨਜ਼ਰੀ ਆਏ ਅਤੇ ਕਿਹਾ ਕਿ ਅਸੀਂ ਨਹਿਰਾਂ ਵਿੱਚ ਸਫ਼ਾਈ ਕਰਵਾਉਣ ਦਾ ਕੰਮ ਜਲਦੀ ਆਰੰਭ ਦਿਆਂਗੇ। ਜਦੋਂ ਪੁੱਛਿਆ ਗਿਆ ਕਿ ਇਹ ਸਫ਼ਾਈ ਦਾ ਕੰਮ ਤਾਂ ਬਰਸਾਤੀ ਮੌਸਮ ਤੋਂ ਪਹਿਲੋਂ ਕਰਨਾ ਚਾਹੀਦਾ ਸੀ।

ਹੁਣ ਕਿਉਂ ਕਰ ਰਹੇ ਹੋ, ਤਾਂ ਇਸ ਗੱਲ ਦਾ ਜਵਾਬ ਹੀ ਐਕਸੀਅਨ ਸਾਹਿਬ ਨਾ ਦੇ ਸਕੇ। ਦੂਜੇ ਪਾਸੇ ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਇਸ ਸਮੇਂ ਪੈ ਰਹੀਆਂ ਬਰਸਾਤਾਂ ਦੇ ਕਾਰਨ ਕਿੰਨੀਆਂ ਹੋਰ ਨਹਿਰਾਂ ਟੁੱਟਦੀਆਂ ਹਨ? ਕੀ ਸਰਕਾਰ ਦੇ ਵੱਲੋਂ ਸਫ਼ਾਈ ਦੇ ਲਈ ਆਈਆਂ ਗ੍ਰਾਂਟਾਂ ਸਹੀ ਜਗ੍ਹਾ 'ਤੇ ਲੱਗ ਪਾਉਣਗੀਆਂ? ਕੀ ਸਰਕਾਰ ਅਤੇ ਨਹਿਰੀ ਵਿਭਾਗ ਦਾ ਫਰਜ਼ ਨਹੀਂ ਸੀ ਬਣਦਾ ਕਿ ਬਰਸਾਤਾਂ ਤੋਂ ਪਹਿਲੋਂ ਹੀ ਨਹਿਰਾਂ ਅਤੇ ਦਰਿਆਵਾਂ ਦੀ ਸਫ਼ਾਈ ਕਰਵਾਈ ਜਾਵੇ? ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਅਧਿਕਾਰੀਆਂ ਕੋਲ ਨਹੀਂ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।