ਬਰਸਾਤ ਨਾ ਰੁਕਦੀ ਤਾਂ, ਮਚਾ ਦੇਣੀ ਸੀ ਤਬਾਹੀ, ਘੱਗਰ ਨੇ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 19 2019 12:47
Reading time: 1 min, 19 secs

ਭਾਵੇਂਕਿ ਬਰਸਾਤ ਦੇ ਰੁੱਕ ਜਾਣ ਕਾਰਨ ਹਾਲ ਦੀ ਘੜੀ ਹੜ੍ਹਾਂ ਦਾ ਖ਼ਤਰਾ ਟਲ ਗਿਆ ਹੈ, ਪਰ ਇਸਦਾ ਇਹ ਵੀ ਮਤਲਬ ਨਹੀਂ ਸਮਝ ਲੈਣਾ ਚਾਹੀਦਾ ਕਿ, ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਬਰਸਾਤ ਨਹੀਂ ਪਵੇਗੀ, ਖ਼ਤਰਾ ਅਜੇ ਟਲਿਆ ਹੈ, ਮੁੱਕਿਆ ਨਹੀਂ। ਇਹ ਤਾਂ ਮੌਸਮ ਨੇ ਬਚਾ ਲਿਆ ਵਰਨਾਂ ਜੇਕਰ ਇਹੀ ਬਰਸਾਤ ਇੱਕ ਦਿਨ ਹੋਰ ਨਾ ਰੁਕਦੀ ਤਾਂ ਤਬਾਹੀ ਦਾ ਮੰਜਰ ਕੁਝ ਹੋਰ ਹੀ ਹੋਣਾ ਸੀ।

ਭਾਵੇਂਕਿ ਕੁਦਰਤ ਦੇ ਮੂਹਰੇ ਕਿਸੇ ਦਾ ਕੋਈ ਜ਼ੋਰ ਨਹੀਂ, ਪਰ ਬਾਵਜੂਦ ਇਸਦੇ ਅਜਿਹੀਆਂ ਬਿਪਤਾਵਾਂ ਨੂੰ ਰੋਕਣ, ਉਹਨਾਂ ਦੇ ਅਸਰ ਨੂੰ ਘਟਾਉਣ ਲਈ ਬੜਾ ਕੁਝ ਕਰ ਸਕਦੀਆਂ ਹਨ ਸਰਕਾਰਾਂ, ਪਰ ਜੇਕਰ ਉਹ ਕੁਝ ਕਰਨਾ ਚਾਹੁਣ ਤਾਂ। ਜੇਕਰ ਪਿਛਲੇ ਸਮੇਂ ਦੇ ਦੌਰਾਨ ਘੱਗਰ ਦਰਿਆ ਵੱਲੋਂ ਹੁਣ ਤੱਕ ਮਚਾਈ ਤਬਾਹੀ ਦੇ ਕਿੱਸੇ ਕਹਾਣੀਆਂ ਨੂੰ ਯਾਦ ਕਰੀਏ ਤਾਂ, ਬਹੁਤੀ ਵਾਰ ਇਸਦਾ ਕਾਰਨ ਸਰਕਾਰ ਦੀ ਅਣਗਹਿਲੀ ਹੀ ਬਣੀ।

ਗੱਲ ਕਰੀਏ ਜੇਕਰ, ਕਸਬਾ ਖ਼ਨੌਰੀ ਕੋਲ ਲੰਘਦੇ ਘੱਗਰ ਦਰਿਆ ਦੇ ਉੱਤੋਂ ਲੰਘਦੀ ਭਾਖ਼ੜਾ ਨਹਿਰ ਦੀ ਤਾਂ ਘੱਗਰ ਵਿੱਚ ਰੁੜ ਕੇ ਆਈ ਜੰਗਲੀ ਬੂਟੀ ਨੇ ਘੱਗਰ ਦੇ ਪਾਣੀ ਦੇ ਕੁਦਰਤੀ ਵਹਾਓ ਵਿੱਚ ਵੱਡੀ ਰੁਕਾਵਟ ਪੈਦਾ ਕਰ ਦਿੱਤੀ ਹੈ। ਲੋਕਾਂ ਦਾ ਮੰਨਣਾ ਹੈ ਕਿ, ਜੇਕਰ ਬਰਸਾਤ ਜਾਰੀ ਰਹਿੰਦੀ ਤਾਂ ਘੱਗਰ ਦੇ ਰੁਕੇ ਹੋਏ ਪਾਣੀ ਨੇ ਦਰਜਨਾਂ ਹੀ ਪਿੰਡਾਂ ਵਿੱਚ ਤਬਾਹੀ ਮਚਾ ਦੇਣੀ ਸੀ।

ਦੋਸਤੋ, ਭਾਵੇਂਕਿ ਬਰਸਾਤ ਨੂੰ ਰੋਕ ਪਾਉਣਾ ਤਾਂ ਸਰਕਾਰ ਦੇ ਵੱਸ ਵਿੱਚ ਨਹੀਂ ਹੈ, ਪਰ ਸਮੇਂ ਦੀਆਂ ਸਰਕਾਰਾਂ ਅਤੇ ਸਬੰਧਤ ਵਿਭਾਗ ਸਮਾਂ ਰਹਿੰਦਿਆਂ ਨਦੀਆਂ ਨਾਲਿਆਂ ਅਤੇ ਘੱਗਰ ਵਿੱਚ ਪੈਦਾ ਹੋਈ ਜੰਗਲੀ ਬੂਟੀ ਨੂੰ ਤਾਂ ਹਟਾ ਹੀ ਸਕਦੇ ਸਨ। ਇਲਾਕਾ ਨਿਵਾਸੀਆਂ ਦਾ ਮੰਨਣਾ ਹੈ ਕਿ, ਜੇਕਰ ਇਸ ਬੂਟੀ ਨੂੰ ਤੁਰੰਤ ਨਾ ਹਟਾਇਆ ਗਿਆ ਤਾਂ ਬਰਸਾਤ ਆਉਣ ਦੇ ਬਾਅਦ ਇਹ ਇਲਾਕੇ ਵਿੱਚ ਵੱਡੀ ਤਬਾਹੀ ਦਾ ਕਾਰਨ ਬਣ ਸਕਦੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।