ਡੀਸੀ ਨੇ ਦਿੱਤੀ ਬੱਚਿਆਂ ਨੂੰ ਮੱਤ, ਬੱਚਿਓਂ ਆਪਣੇ ਪਰਿਵਾਰ 'ਤੇ ਰੱਖੋ ਨਜ਼ਰ !!!

Last Updated: Jul 18 2019 14:40
Reading time: 1 min, 58 secs

ਨਸ਼ੇ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਵਨ ਡੇਅ ਵਨ ਸਕੂਲ ਦੇ ਤਹਿਤ ਡਿਪਟੀ ਕਮਿਸ਼ਨਰ ਨੇ ਪਿਛਲੇ 14 ਦਿਨਾਂ ਵਿੱਚ 7500 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਹੈ। ਇਸ ਮੁਹਿੰਮ ਦੇ ਤਹਿਤ ਉਹ ਰੋਜ਼ਾਨਾ ਕੁਝ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਨਸ਼ੇ ਦੀ ਸਮੱਸਿਆ ਦੇ ਖ਼ਿਲਾਫ਼ ਸੰਬੋਧਨ ਕਰ ਰਹੇ ਹਨ। ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਨੇ ਤਿੰਨ ਸਕੂਲਾਂ ਦਾ ਦੌਰਾ ਕੀਤਾ ਜਿਸ ਵਿੱਚ ਬਾਰੇ ਕੇ, ਕਰੀਆ ਪਹਿਲਵਾਨ ਅਤੇ ਖਾਈ ਇਲਾਕੇ ਦੇ ਸਰਕਾਰੀ ਸਕੂਲ ਸ਼ਾਮਿਲ ਹਨ।

ਤਿੰਨਾਂ ਸਕੂਲਾਂ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਜਾ ਕੇ ਉਨ੍ਹਾਂ ਨਾਲ ਨਸ਼ੇ ਦੀ ਸਮੱਸਿਆ ਬਾਰੇ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਵਾਲਿਆਂ 'ਤੇ ਖ਼ਾਸ ਤੌਰ ਤੇ ਨਜ਼ਰ ਰੱਖਣ, ਜੇਕਰ ਉਨ੍ਹਾਂ ਨੂੰ ਕੋਈ ਸ਼ੱਕ ਪੈਂਦਾ ਹੈ ਕਿ ਘਰ ਵਿੱਚ ਕੋਈ ਨਸ਼ਾ ਕਰ ਰਿਹਾ ਹੈ ਜਾਂ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਤਾਂ ਇਸ ਦੀ ਸੂਚਨਾ ਤੁਰੰਤ ਆਪਣੇ ਬਡੀਜ਼ ਅਧਿਆਪਕ ਨੂੰ ਦੇਣ ਤਾਂ ਜੋ ਸਮਾਂ ਰਹਿੰਦੇ ਕੋਈ ਕਦਮ ਉਠਾਇਆ ਜਾ ਸਕੇ। 

ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮਕਸਦ ਨਸ਼ੇ ਵਿੱਚ ਕੋਈ ਨੌਜਵਾਨ ਨਾ ਫਸੇ, ਇਸ ਉੱਤੇ ਕੰਮ ਕਰਨਾ ਹੈ, ਜਿਸ ਲਈ ਸਕੂਲ-ਕਾਲਜ ਦੇ ਵਿਦਿਆਰਥੀਆਂ ਦੇ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ। ਇਹ ਬੱਚੇ ਸਮਾਂ ਰਹਿੰਦੇ ਨਸ਼ੇ ਦੀ ਬੁਰਾਈ ਅਤੇ ਇਸ ਤੋਂ ਹੋਣ ਵਾਲੇ ਨੁਕਸਾਨ ਦੇ ਬਾਰੇ ਵਿੱਚ ਸੁਚੇਤ ਰਹਿਣਗੇ ਅਤੇ ਜ਼ਿੰਦਗੀ ਭਰ ਇਸ ਤੋਂ ਦੂਰੀ ਬਣਾਈ ਰੱਖਣਗੇ। ਬੱਚਿਆਂ ਵਿੱਚ ਹੁਣ ਤੋਂ ਹੀ ਜਾਗਰੂਕਤਾ ਦੀ ਭਾਵਨਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਸਮਾਜ ਵਿੱਚ ਜਾ ਕੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਜਾਗਰੂਕ ਕਰ ਸਕਣ। 

ਡੀਸੀ ਨੇ ਬੱਚਿਆਂ ਨੂੰ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਇਹ ਹੈ ਕਿ ਬੱਚਿਆਂ ਦੀ ਚੰਗੀ ਸਿਹਤ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਚੰਗੀ ਸਿੱਖਿਆ ਕਿਉਂਕਿ ਸਿਹਤਮੰਦ ਵਿਅਕਤੀ ਹੀ ਸਿੱਖਿਆ ਕੇ ਜਰੀਏ ਗਿਆਨਵਾਨ ਬਣ ਸਕਦਾ ਹੈ ਅਤੇ ਜੇਕਰ ਇਹ ਦੋਵੇਂ ਚੀਜ਼ਾਂ ਤੁਹਾਡੇ ਕੋਲ ਹੋਣਗੀਆਂ ਤਾਂ ਸਫਲਤਾ ਖ਼ੁਦ ਤੁਹਾਡੇ ਕਦਮ ਚੁੰਮੇਗੀ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੋਇਆ ਜਾਂ ਨਸ਼ਾ ਵੇਚਦਾ ਹੋਇਆ ਮਿਲਦਾ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਆਪਣੇ ਸਕੂਲ ਵਿੱਚ ਬਡੀਜ਼ ਅਧਿਆਪਕ ਨੂੰ ਇਸ ਦੀ ਸੂਚਨਾ ਦੇਣ।

ਇਸ ਦੌਰਾਨ ਡੀਸੀ ਚੰਦਰ ਗੈਂਦ ਨੇ ਬੱਚਿਆਂ ਨਾਲ ਲਗਾਤਾਰ ਘੱਟ ਰਹੇ ਪਾਣੀ ਦੇ ਸਤਰ ਬਾਰੇ ਚਿੰਤਾ ਵਿਅਕਤ ਕੀਤੀ। ਉਨ੍ਹਾਂ ਕਿਹਾ ਕਿ ਪਾਣੀ ਦੇ ਘਟਦੇ ਪੱਧਰ ਨਾਲ ਵਾਤਾਵਰਨ ਅਤੇ ਲੋਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਵਾਤਾਵਰਨ ਬਚਾਉਣ ਦੇ ਲਈ ਇੱਕ ਰੁੱਖ ਲਗਾਉਣ, ਉਸ ਨੂੰ ਆਪਣਾ ਨਾਮ ਦੇਣ ਅਤੇ ਉਸਦੀ ਸਾਂਭ-ਸੰਭਾਲ ਕਰਨ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਆਪ ਵੀ ਸਕੂਲਾਂ ਵਿੱਚ ਬੂਟੇ ਲਗਾਏ।