ਪ੍ਰਸ਼ਾਸਨ ਸੁੱਤਾ, ਕਿਸਾਨਾਂ ਦੀ ਉੱਡੀ ਨੀਂਦ !!!

Last Updated: Jul 18 2019 12:44
Reading time: 1 min, 16 secs

ਫ਼ਿਰੋਜ਼ਪੁਰ ਦੀ ਤਹਿਸੀਲ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਸ਼ਰੀਹ ਵਾਲਾ ਬਰਾੜ ਦੇ ਨਜ਼ਦੀਕ ਤੋਂ ਲੰਘਦੀ ਨਹਿਰ ਵਿੱਚ ਆ ਰਹੀ ਕਲਾਲ ਬੂਟੀ ਕਿਸੇ ਭਾਰੀ ਵੱਡੀ ਮੁਸੀਬਤ ਨੂੰ ਸੱਦਾ ਦੇ ਰਹੀ ਹੈ। ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਇਸ ਬੂਟੀ ਨੂੰ ਨਹਿਰ ਵਿੱਚੋਂ ਬਾਹਰ ਕੱਢਣ ਨੂੰ ਲੈ ਕੇ ਗੁਰੂਹਰਸਹਾਏ ਦੇ ਪ੍ਰਸ਼ਾਸਨ ਅਤੇ ਨਹਿਰ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਪਿੰਡ ਸ਼ਰੀਹ ਵਾਲਾ ਬਰਾੜ ਦੇ ਨਜ਼ਦੀਕ ਤੋਂ ਲੰਘਦੀ ਨਹਿਰ ਵਿੱਚ ਪਿਛਲੇ ਦਿਨਾਂ ਤੋਂ ਭਾਰੀ ਕਲਾਲ ਬੂਟੀ ਆ ਰਹੀ ਹੈ। 

ਇਹ ਕਾਲਾਲ ਸ਼ਰੀਹ ਵਾਲਾ ਤੋਂ ਮੁਕੰਦੇ ਵਾਲਾ ਨੂੰ ਜਾਂਦੇ ਰਾਹ ਵਾਲੀ ਨੀਵੀਂ ਪੁਲ ਦੇ ਨਾਲ ਫਸ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਪੁਲ ਨੀਵਾਂ ਹੋਣ ਕਰਕੇ ਭਾਰੀ ਮਾਤਰਾ ਵਿੱਚ ਕਲਾਲੀ ਬੂਟੀ ਫਸ ਗਈ ਹੈ, ਜਿਸ ਨਾਲ ਪੁਲ ਅਤੇ ਨਹਿਰ ਦੋਨਾਂ ਦੇ ਟੁੱਟਣ ਦਾ ਖ਼ਤਰਾ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਹਿਰ ਟੁੱਟਦੀ ਹੈ ਤਾਂ ਗੁਰੂਹਰਸਹਾਏ ਦੇ ਇਲਾਕੇ ਦੇ ਕਿਸਾਨਾਂ ਤੇ ਆਮ ਲੋਕਾਂ ਦੇ ਜੀਵਨ ਵਿੱਚ ਵੱਡੀ ਤਬਾਹੀ ਆਵੇਗੀ। ਇਸ ਤਬਾਹੀ ਨੂੰ ਰੋਕਣ ਲਈ ਸਾਡੀ ਜੱਥੇਬੰਦੀ ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ ਹੈ। 

ਪਰ ਹਾਲੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਵੀ ਕੋਈ ਵੀ ਫੁਰਤੀ ਨਹੀਂ ਦਿਖਾਈ ਗਈ ਅਤੇ ਨਾ ਹੀ ਹਾਲੇ ਨਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਗਈ ਕਿ ਨਹਿਰ ਨੂੰ ਤੁਰੰਤ ਸਾਫ਼ ਕਰਵਾਇਆ ਜਾਵੇ ਅਤੇ ਜੇਕਰ ਨਹਿਰ ਜਾਂ ਪੁਲ ਟੁੱਟਣ ਕਾਰਨ ਕੋਈ ਜਾਨ ਮਾਲ ਦੀ ਤਬਾਹੀ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਵੀਰਦਵਿੰਦਰ ਸਿੰਘ ਸ਼ਰੀਹ ਵਾਲਾ, ਸੋਨੂੰ ਸ਼ਰੀਹ ਵਾਲਾ, ਲਵਪ੍ਰੀਤ ਸ਼ਰੀਹ ਵਾਲਾ ਆਦਿ ਕਿਸਾਨ ਹਾਜ਼ਰ ਸਨ।