ਕਿਤੇ ਸਿਆਸਤ ਤੋਂ ਪ੍ਰੇਰਿਤ ਤਾਂ ਨਹੀਂ, ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 18 2019 11:57
Reading time: 2 mins, 0 secs

ਸੀ.ਬੀ.ਆਈ. ਇੱਕ ਉਹ ਜਾਂਚ ਏਜੰਸੀ ਹੈ, ਜਿਸਨੂੰ ਕਿ ਕਿਸੇ ਵੇਲੇ ਅਦਾਲਤਾਂ ਦੇ ਬਾਅਦ, ਇਨਸਾਫ਼ ਦੇ ਦੂਜੇ ਨਾਮ ਦੇ ਨਾਲ ਵੀ ਜਾਣਿਆਂ ਜਾਂਦਾ ਹੈ। ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਪੰਜਾਬ ਵਿੱਚ 90ਵੇਂ ਦਹਾਕੇ ਦੇ ਦੌਰਾਨ ਚੱਲੀ ਕਾਲੀ ਹਨੇਰੀ ਦੇ ਦੌਰਾਨ ਹੋਏ ਪੁਲਿਸ ਮੁਕਾਬਲਿਆਂ 'ਚੋਂ ਸੈਂਕੜਿਆਂ ਦੀ ਜਾਂਚ ਸੀ.ਬੀ.ਆਈ. ਨੇ ਹੀ ਕੀਤੀ ਸੀ। ਜਾਂਚ ਦੇ ਬਾਅਦ, ਉਨ੍ਹਾਂ ਵਿੱਚੋਂ ਦਰਜਨਾਂ ਹੀ ਪੁਲਿਸ ਮੁਕਾਬਲਿਆਂ ਨੂੰ ਸੀ.ਬੀ.ਆਈ. ਨੇ ਫ਼ਰਜੀ ਕਰਾਰ ਦੇ ਕੇ ਉਨ੍ਹਾਂ ਮੁਕਾਬਲਿਆਂ ਲਈ ਜ਼ਿੰਮੇਵਾਰ ਸਮਝੇ ਜਾਂਦੇ ਪੁਲਿਸ ਅਫ਼ਸਰਾਂ ਨੂੰ ਸਲਾਖ਼ਾਂ ਪਿੱਛੇ ਦੇ ਕੇ ਪੀੜਤਾਂ ਨੂੰ ਇਨਸਾਫ਼ ਵੀ ਦਿੱਤਾ।

ਦੋਸਤੋਂ, ਇਹ ਇੱਕ ਸੱਚਾਈ ਹੈ ਕਿ ਸੀ.ਬੀ.ਆਈ. ਆਜ਼ਾਦ ਹੋਣ ਦੇ ਬਾਵਜੂਦ ਸਿੱਧੇ ਤੌਰ ਤੇ ਕੇਂਦਰ ਦੇ ਪ੍ਰਭਾਵ ਥੱਲੇ ਕੰਮ ਕਰਦੀ ਹੈ। ਸੱਚਾਈ ਇਹ ਵੀ ਹੈ ਕਿ ਇਹ ਜਾਂਚ ਏਜੰਸੀ ਉਨੀ ਵੀ ਆਜ਼ਾਦ ਨਹੀਂ ਜਿੰਨਾ ਕਿ ਆਮ ਲੋਕਾਂ ਨੇ ਸਮਝ ਰੱਖਿਆ ਹੈ। ਅਲੋਚਕਾਂ ਅਨੁਸਾਰ, ਪੂਰੇ ਯਕੀਨ ਨਾਲ ਨਹੀਂ ਆਖਿਆ ਜਾ ਸਕਦਾ ਕਿ ਕੇਂਦਰ ਸਰਕਾਰ, ਖ਼ਾਸ ਹਾਲਾਤਾਂ 'ਚ ਇਸ ਜਾਂਚ ਏਜੰਸੀ ਨੂੰ ਆਪਣੇ ਅਤੇ ਆਪਣਿਆਂ ਭਾਈਵਾਲਾਂ ਦੇ ਹੱਕ ਵਿੱਚ ਨਹੀਂ ਭੁਗਤਾਉਂਦੀ ਹੋਵੇਗੀ।

ਦੋਸਤੋਂ, ਚਲੋ ਛੱਡੋ ਅਲੋਚਕਾਂ ਦੀ ਗੱਲ ਨੂੰ, ਆਪਾਂ ਵਾਪਿਸ ਮੁੱਦੇ ਤੇ ਆਉਂਦੇ ਹਾਂ ਤੇ ਮੁੱਦੇ ਦੀ ਗੱਲ ਇਹ ਹੈ ਕਿ ਸੀ.ਬੀ.ਆਈ. ਨੇ ਸਾਲ 2015 ਦੇ ਦੌਰਾਨ ਬਰਗਾੜੀ 'ਚ ਹੋਈਆਂ ਬੇਅਦਬੀਆਂ ਦੇ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਹੈ। ਉਨ੍ਹਾਂ ਬੇਅਦਬੀ ਦੇ ਮਾਮਲਿਆਂ ਵਿੱਚ, ਜਿਹਨਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਭਾਈਚਾਰੇ ਨੂੰ ਹੀ ਨਹੀਂ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਰੱਖਣ ਵਾਲੇ ਹਰ ਫ਼ਿਰਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਜ਼ਖਮੀ ਕਰ ਦਿੱਤਾ ਸੀ।

ਦੋਸਤੋਂ, ਇਹ ਉਹੀ ਬੇਅਦਬੀ ਦੇ ਮਾਮਲੇ ਹਨ, ਜਿਹਨਾਂ ਦੇ ਦੁਆਲੇ ਪਿਛਲੇ ਢਾਈ ਸਾਲਾਂ ਤੋਂ ਪੰਜਾਬ ਦੀ ਸਿਆਸਤ ਘੁੰਮ ਰਹੀ ਹੈ। ਜਿੱਥੇ ਇੱਕ ਪਾਸੇ, ਕਾਂਗਰਸ ਵਾਲੇ ਇਹਨਾਂ ਦੁਖਦਾਈ ਘਟਨਾਵਾਂ ਲਈ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਆ ਰਹੇ ਹਨ, ਉੱਥੇ ਹੀ ਦੂਜੇ ਪਾਸੇ ਅਕਾਲੀ ਆਗੂ ਖ਼ੁਦ ਨੂੰ ਬੇਗੁਨਾਹ ਦੱਸਦੇ ਹੋਏ ਕਾਂਗਰਸੀਆਂ ਤੇ ਬਦਲਾ ਲਊ ਨੀਤੀ ਦੇ ਤਹਿਤ ਕੰਮ ਕਰਨ ਦਾ ਇਲਜ਼ਾਮ ਲਗਾਉਂਦੇ ਆ ਰਹੇ ਹਨ। 

ਦੋਸਤੋਂ, ਬੇਅਦਬੀਆਂ ਲਈ ਕੌਣ ਕਿੰਨਾ ਜ਼ਿੰਮੇਵਾਰ ਹੈ? ਨਿਊਜ਼ਨੰਬਰ ਦਾ ਇਹਨਾਂ ਸਵਾਲਾਂ ਨਾਲ ਕੋਈ ਵਾਸਤਾ ਨਹੀਂ ਹੈ। ਲੋਕ ਭਾਵੇਂ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਈ ਜਾਣ ਜਾਂ ਫਿਰ ਪ੍ਰੇਮੀਆਂ ਨੂੰ। ਅਲੋਚਕਾਂ ਦਾ ਮੰਨਣੈ ਕਿ ਬੇਅਦਬੀਆਂ ਵੀ ਵੋਟਾਂ ਦੀ ਰਾਜਨੀਤੀ ਤੋਂ ਹੀ ਪ੍ਰੇਰਿਤ ਸਨ ਤੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਕੈਪਟਨ ਸਰਕਾਰ ਵੱਲੋਂ ਬਿਠਾਏ ਗਏ ਕਮਿਸ਼ਨ ਅਤੇ ਸਪੈਸ਼ਲ ਇੰਨਵੈਸਟੀਗੇਸ਼ਨ ਟੀਮਾਂ ਦਾ ਗਠਨ ਵੀ ਵੋਟਾਂ ਦੀ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੋਵੇਗਾ। ਯਕੀਨ ਨਾਲ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਵੀ ਸਿਆਸਤ ਤੋਂ ਪ੍ਰੇਰਿਤ ਨਹੀਂ ਹੋਵੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।