ਮੀਂਹ ਨੇ ਡੋਬ ਕੇ ਰੱਖ ਦਿੱਤਾ ''ਅੰਨਦਾਤਾ''!!!

Last Updated: Jul 17 2019 19:05
Reading time: 1 min, 14 secs

ਬੀਤੇ ਦੋ ਦਿਨਾਂ ਤੋਂ ਪੈ ਰਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰੀ ਬਾਰਸ਼ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਇਸ ਬਾਰਸ਼ ਨੇ ਡੋਬ ਕੇ ਰੱਖ ਦਿੱਤਾ ਹੈ। ਭਾਰੀ ਬਾਰਸ਼ ਦੇ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਚੁੱਕੀਆਂ ਹਨ, ਜਿਸ ਦੇ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਨੇ ਲੋਕਾਂ ਨੂੰ ਰਾਹਤ ਵੀ ਦਿੱਤੀ ਹੈ ਅਤੇ ਮੁਸੀਬਤਾਂ ਵਿੱਚ ਵੀ ਪਾ ਕੇ ਰੱਖ ਦਿੱਤਾ ਹੈ।

ਜ਼ਿਲ੍ਹਾ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਤੋਂ ਇਲਾਵਾ ਸ਼ਹਿਰੀ ਖੇਤਰ ਦੇ ਅੰਦਰ ਮੀਂਹ ਦਾ ਪਾਣੀ ਇਸ ਕਦਰ ਜਮ੍ਹਾ ਹੋ ਚੁੱਕਿਆ ਹੈ, ਜਿਵੇਂ ਹੜ੍ਹ ਆਏ ਹੋਣ। ਦੱਸ ਦਈਏ ਕਿ ਮਮਦੋਟ ਖਾਈ ਰੋਡ 'ਤੇ ਪੈਂਦੇ ਪਿੰਡ ਸਦਰਦੀਨ ਤੋਂ ਇਲਾਵਾ ਤਰਾਂ ਵਾਲੀ ਦੇ ਵਿੱਚਕਾਰ ਜਿੰਨੀਂ ਵੀ ਕਿਸਾਨਾਂ ਦੀ ਝੋਨੇ ਦੀ ਫਸਲ ਸੀ, ਉਹ ਸਾਰੀ ਬਰਸਾਤ ਦੇ ਮੀਂਹ ਕਾਰਨ ਡੁੱਬ ਗਈ। ਚਾਰ-ਚਾਰ ਫੁੱਟ ਖੜੇ ਫਸਲ ਵਿੱਚ ਪਾਣੀ ਨੇ ਕਿਸਾਨਾਂ ਦੇ ਸਾਹ ਸੁਕਾ ਕੇ ਰੱਖ ਦਿੱਤੇ ਹਨ। ਪਸ਼ੂਆਂ ਲਈ ਹਰ ਚਾਰਾ ਵੀ ਨੁਕਸਾਨਿਆ ਗਿਆ ਹੈ।

ਝੋਨੇ ਵਿੱਚ ਡੁੱਬੀ ਫ਼ਸਲ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਹਰ ਸਮੇਂ ਹੀ ਬਰਸਾਤ ਦੇ ਕਾਰਨ ਉਨ੍ਹਾਂ ਦੀਆਂ ਫਸਲਾਂ ਪਾਣੀ ਦੇ ਨਾਲ ਭਰ ਜਾਂਦੀਆਂ ਹਨ। ਕਿਸਾਨ ਨੇ ਦੱਸਿਆ ਕਿ ਬੀਤੇ ਵਰ੍ਹੇ ਵੀ ਬਰਸਾਤ ਦੇ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਕਾਫੀ ਜ਼ਿਆਦਾ ਪਾਣੀ ਭਰ ਗਿਆ ਸੀ, ਜਿਸ ਦੇ ਕਾਰਨ ਝੋਨੇ ਦੇ ਝਾੜ ਉੱਪਰ ਚੋਖਾ ਅਸਰ ਪਿਆ ਸੀ। ਕਿਸਾਨਾਂ ਨੇ ਪੰਜਾਬ ਦੀ ਕੈਪਟਨ ਅਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਝੋਨੇ ਦੀ ਖ਼ਰਾਬ ਹੋਈ ਫਸਲ ਦਾ ਤੁਰੰਤ ਮੁਆਵਜਾ ਦਿੱਤਾ ਜਾਵੇ।