ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜ਼ਿਲ੍ਹਾ ਪੁਲਿਸ ਮੁਖੀ ਅਤੇ ਡੀਸੀ ਨਾਲ ਕੀਤੀ ਮੀਟਿੰਗ.!!

Last Updated: Jul 17 2019 19:06
Reading time: 1 min, 39 secs

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਕੱਲੀਵਾਲਾ, ਸਕੱਤਰ ਸਾਹਿਬ ਸਿੰਘ ਦੀਨੇਕੇ, ਮੀਤ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ 'ਚ ਕਿਸਾਨਾਂ ਦਾ ਇੱਕ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਅਤੇ ਡੀਸੀ ਫ਼ਿਰੋਜ਼ਪੁਰ ਨੂੰ ਮਿਲਿਆ ਅਤੇ ਉਨ੍ਹਾਂ ਨਾਲ ਮੀਟਿੰਗ ਕੀਤੀ। ਮੀਟਿੰਗ 'ਚ ਕਿਸਾਨ ਆਗੂਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਨੂੰ ਕਿਹਾ ਕਿ ਥਾਣਾ ਮਮਦੋਟ ਦੇ ਨਿਸ਼ਾਨ ਸਿੰਘ ਪੁੱਤਰ ਅਨੂਪ ਸਿੰਘ 'ਤੇ ਟਰੈਕਟਰ ਚੜ੍ਹਾਉਣ ਵਾਲੇ ਮੁਜਰਮ 'ਤੇ ਦਰਜ 0062/19 ਧਾਰਾ 307, 323 ਅਧੀਨ ਮੁਕੱਦਮੇ 'ਤੇ ਕਾਰਵਾਈ ਮੁਕੰਮਲ ਨਹੀਂ ਹੋਈ, ਜਿਸ ਦੇ ਰੋਸ ਵਜੋਂ 18 ਜੁਲਾਈ ਨੂੰ ਹਰ ਹਾਲਤ ਵਿੱਚ ਮਮਦੋਟ ਦੇ ਥਾਣੇ ਅੱਗੇ ਧਰਨਾ ਦੇ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਉਨ੍ਹਾਂ ਦੋਸ਼ ਲਗਾਇਆ ਕਿ ਏਐੱਸਆਈ ਦਰਸ਼ਨ ਲਾਲ, ਜਿਸ ਨੇ ਮੁਜਰਮ ਨੂੰ ਗ੍ਰਿਫ਼ਤਾਰ ਕਰਨ ਬਦਲੇ ਜ਼ਖਮੀ ਨਿਸ਼ਾਨ ਸਿੰਘ ਤੋਂ 5 ਹਜ਼ਾਰ ਰੁਪਏ ਰਿਸ਼ਵਤ ਦੇ ਲਏ ਸਨ, ਉਸ ਨੂੰ ਭਾਵੇਂ ਹੀ ਜਥੇਬੰਦੀ ਦੇ ਦਬਾਅ ਹੇਠ ਬੇਸ਼ੱਕ ਸਸਪੈਂਡ ਕਰ ਦਿੱਤਾ ਗਿਆ ਹੈ। ਪਰ ਉਕਤ ਏਐਸਆਈ 'ਤੇ ਪੁਲਿਸ ਵਿਭਾਗ ਵੱਲੋਂ ਕੋਈ ਅਗਲੇਰੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਧਰਨਾ ਉਨ੍ਹਾਂ ਚਿਰ ਜਾਰੀ ਰਹੇਗਾ, ਜਿਨ੍ਹਾਂ ਚਿਰ ਏਐੱਸਆਈ ਤੇ ਮੁਜਰਮ ਜੱਜ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ। ਮੀਟਿੰਗ ਵਿੱਚ ਕਿਸਾਨਾਂ ਨੇ ਮੰਗ ਕੀਤੀ ਕਿ ਥਾਣਾ ਮੱਲਾਂਵਾਲਾ ਵਿੱਚ ਦਰਜ ਐੱਫਆਈਆਰ ਨੰਬਰ 48 ਪਿੰਡ ਬੂਟੇ ਵਾਲ ਦੇ ਕਿਸਾਨਾਂ ਜੋ ਬਿਜਲੀ ਬੋਰਡ ਦੇ ਐੱਸਡੀਓ ਵੱਲੋਂ ਝੂਠੀ ਕਾਰਵਾਈ ਕੀਤੀ ਗਈ ਹੈ, ਉਸ ਦੀ ਇਨਕੁਆਰੀ ਕਰਕੇ ਤੁਰੰਤ ਰੱਦ ਕੀਤੀ ਜਾਵੇ, ਜੇਕਰ ਇਹ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਮਜਬੂਰਨ ਸੰਘਰਸ਼ ਵਿੱਢਣਾ ਪਵੇਗਾ, ਜਿਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ।

ਇਸ ਤੋਂ ਇਲਾਵਾ ਡੀਸੀ ਫ਼ਿਰੋਜ਼ਪੁਰ ਨਾਲ ਮੀਟਿੰਗ ਕਰਕੇ ਕਿਸਾਨਾਂ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ, ਜਿਸ ਵਿੱਚ ਦਰਿਆ ਦੇ ਵਿੱਚ ਫ਼ਸਲ ਨੂੰ ਪਾਣੀ ਦੀ ਦੀ ਮਾਰ ਤੋਂ ਬਚਾਉਣ ਲਈ ਲੱਗਣ ਵਾਲੀਆਂ ਨੋਚਾਂ, ਮੀਂਹ ਨਾਲ ਬਰਬਾਦ ਹੋਈ ਝੋਨੇ ਦੀ ਫ਼ਸਲਾਂ ਦੇ ਮੁਆਵਜ਼ੇ ਲਈ ਗਿਰਦਾਵਰੀਆਂ ਕਰਵਾਉਣ, ਪਿਛਲੇ ਖ਼ਰਾਬੇ ਦਾ ਆਇਆ ਹੋਇਆ ਮੁਆਵਜ਼ਾ ਦਿਵਾਉਣ, ਸੇਮਨਾਲੇ ਤੇ ਡਰੇਨਾਂ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਗਈ। ਡੀਸੀ ਫ਼ਿਰੋਜ਼ਪੁਰ ਨੇ ਕਿਸਾਨਾਂ ਦੇ ਵਫ਼ਦ ਨੂੰ ਵਿਸ਼ਵਾਸ ਦੁਆਇਆ ਕਿ ਤੁਹਾਡੀਆਂ ਦਿੱਤੀਆਂ ਦਰਖਾਸਤਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ਅੰਗਰੇਜ਼ ਸਿੰਘ ਬੂਟੇਵਾਲਾ, ਗੁਰਭੇਜ ਸਿੰਘ ਫੇਮੀਵਾਲਾ, ਸੁਖਦੇਵ ਸਿੰਘ ਅਰਾਈਆਂ ਵਾਲਾ, ਕੁਲਦੀਪ ਸਿੰਘ ਫੇਮੀ ਵਾਲਾ ਸਮੇਤ ਹੋਰ ਆਗੂ ਹਾਜ਼ਰ ਸਨ।