ਜ਼ਿਲ੍ਹਾ ਪੱਧਰੀ ਕਬੱਡੀ ਮੁਕਾਬਲੇ 'ਚ ਸਰਕਾਰੀ ਹਾਈ ਸਕੂਲ ਸਾਨੀਪੁਰ ਦੀ ਟੀਮ ਨੇ ਗੱਡੇ ਜਿੱਤ ਦੇ ਝੰਡੇ

Last Updated: Jul 17 2019 18:51
Reading time: 2 mins, 13 secs

ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਫਤਹਿਗੜ ਸਾਹਿਬ 'ਚ ਲੜਕੇ ਅਤੇ ਲੜਕੀਆਂ ਦੇ ਅੰਡਰ-14 ਵਰਗ ਦੇ ਤਿੰਨ ਰੋਜ਼ਾ ਮੁਕਾਬਲੇ ਬੁੱਧਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਏ। ਇਹ ਮੁਕਾਬਲੇ ਫ਼ਤਿਹਗੜ੍ਹ ਸਾਹਿਬ, ਬਸੀ ਪਠਾਣਾਂ, ਮੰਡੀ ਗੋਬਿੰਦਗੜ੍ਹ, ਅਮਲੋਹ, ਚਨਾਰਥਲ ਕਲਾਂ ਅਤੇ ਖਮਾਣੋ ਵਿਖੇ ਕਰਵਾਏ ਜਾ ਰਹੇ ਹਨ।

ਫ਼ਤਿਹਗੜ੍ਹ ਸਾਹਿਬ ਦੇ ਖੇਡ ਸਟੇਡੀਅਮ 'ਚ ਕਰਵਾਏ ਗਏ ਕਬੱਡੀ ਦੇ ਮੁਕਾਬਲਿਆਂ ਸਬੰਧੀ ਜ਼ਿਲ੍ਹਾ ਸਪੋਰਟਸ ਅਫ਼ਸਰ ਉਪਕਾਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਸ਼ਾਨੀਪੁਰ ਦੇ ਲੜਕਿਆਂ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਵਿਰੋਧੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਆਦਮਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬਸੀ ਪਠਾਣਾ ਵਿਖੇ ਕਰਵਾਏ ਗਏ ਕਬੱਡੀ ਮੁਕਾਬਲਿਆਂ 'ਚ ਲੜਕਿਆਂ ਦੀ ਬਾਗ਼ ਸਿਕੰਦਰ ਦੀ ਟੀਮ ਨੇ ਪਹਿਲਾ, ਸ਼ਹਿਜਾਦਪੁਰ ਨੇ ਦੂਜਾ ਅਤੇ ਐਸ.ਟੀ.ਐਸ ਪਬਲਿਕ ਸਕੂਲ, ਆਨੰਦਪੁਰ ਕਲੌੜ ਨੇ ਤੀਜਾ ਸਥਾਨ ਹਾਸਲ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਅਮਲੋਹ 'ਚ ਹੋਏ ਕਬੱਡੀ ਮੁਕਾਬਲਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਲੜਕਿਆਂ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਨੇ ਦੂਜੇ ਸਥਾਨ ਤੇ ਜਿੱਤ ਹਾਸਲ ਕੀਤੀ। ਅਮਲੋਹ ਵਿਖੇ ਲੜਕੀਆਂ ਦੇ ਕਬੱਡੀ ਮੁਕਾਬਲਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਨੇ ਪਹਿਲਾ ਅਤੇ ਮਛਰਾਏ ਕਲਾਂ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਮੰਡੀ ਗੋਬਿੰਦਗੜ੍ਹ ਵਿਖੇ ਹੋਏ ਕਬੱਡੀ ਮੁਕਾਬਲਿਆਂ 'ਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦੇ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਐਸ.ਐਨ ਏ.ਐਸ ਆਰੀਆ ਸਕੂਲ ਮੰਡੀ ਗੋਬਿੰਦਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ। 

ਮੰਡੀ ਗੋਬਿੰਦਗੜ੍ਹ 'ਚ ਹੀ ਹੋਏ ਲੜਕੀਆਂ ਦੇ ਕਬੱਡੀ ਮੁਕਾਬਲੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਨੇ ਪਹਿਲਾ ਅਤੇ ਸਰਕਾਰੀ ਮਿਡਲ ਸਕੂਲ ਸ਼ਾਹਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਚਨਾਰਥਲ ਕਲਾਂ 'ਚ ਹੋਏ ਕਬੱਡੀ ਮੁਕਾਬਲਿਆਂ 'ਚ ਲੜਕਿਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਚਨਾਰਥਲ ਖ਼ੁਰਦ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਕਬੱਡੀ ਮੁਕਾਬਲੇ 'ਚ ਸਰਕਾਰੀ ਮਿਡਲ ਸਕੂਲ ਸੈਫਲਪੁਰ ਨੇ ਪਹਿਲਾ ਅਤੇ ਚਨਾਰਥਲ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਖਮਾਣੋਂ ਵਿਖੇ ਕਰਵਾਏ ਗਏ ਲੜਕਿਆਂ ਦੇ ਕਬੱਡੀ ਮੁਕਾਬਲਿਆਂ 'ਚ ਸਰਕਾਰੀ ਮਿਡਲ ਸਕੂਲ ਰਾਣਵਾਂ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਖਮਾਣੋ ਨੇ ਦੂਜਾ ਸਥਾਨ ਹਾਸਲ ਕੀਤਾ। ਦੂਜੇ ਪਾਸੇ ਲੜਕੀਆਂ ਦੇ ਕਬੱਡੀ ਮੁਕਾਬਲੇ 'ਚ ਸਰਕਾਰੀ ਹਾਈ ਸਕੂਲ ਲਖਣਪੁਰ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੰਘੋਲ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਨੇ ਉਪਕਾਰ ਸਿੰਘ ਵਿਰਕ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਬੇਹੱਦ ਸਹਾਈ ਹੁੰਦੀਆਂ ਹਨ। ਉੱਥੇ ਹੀ ਖੇਡਾਂ ਆਪਸੀ ਭਾਈਚਾਰਕ ਸਾਂਝ ਦੇ ਨਾਲ-ਨਾਲ ਅਨੁਸ਼ਾਸਨ 'ਚ ਰਹਿਣਾ ਵੀ ਸਿਖਾਉਂਦੀਆਂ ਹਨ। ਇਸ ਮੌਕੇ ਖੇਡ ਪ੍ਰੇਮੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਖਿਡਾਰੀ ਮੌਜੂਦ ਸਨ।