ਹੁਣ ਤੱਕ ਲੱਖਾਂ ਲੀਟਰ ਬਰਸਾਤੀ ਪਾਣੀ ਦੀ ਬੱਚਤ ਕਰ ਚੁੱਕਾ ਹੈ ਰੰਗੀਲਪੁਰ ਦਾ ਕਿਸਾਨ ਗੁਰਮੁਖ ਸਿੰਘ

Last Updated: Jul 17 2019 14:30
Reading time: 2 mins, 32 secs

ਬਟਾਲਾ ਨੇੜਲੇ ਪਿੰਡ ਰੰਗੀਲਪੁਰ ਦਾ ਕਿਸਾਨ ਗੁਰਮੁਖ ਸਿੰਘ ਪਾਣੀ ਦੀ ਸੰਭਾਲ ਲਈ ਦੂਸਰੇ ਲੋਕਾਂ ਲਈ ਮਿਸਾਲ ਬਣਿਆ ਹੈ। ਗੁਰਮੁਖ ਸਿੰਘ ਨੇ ਤਿੰਨ ਸਾਲ ਪਹਿਲਾਂ ਆਪਣੇ ਘਰ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿੱਟ ਬਣਾਇਆ ਸੀ ਜਿਸ ਦੀ ਮਦਦ ਨਾਲ ਉਹ ਹੁਣ ਤੱਕ ਲੱਖਾਂ ਲੀਟਰ ਬਰਸਾਤੀ ਪਾਣੀ ਨੂੰ ਧਰਤੀ ਹੇਠਾਂ ਭੇਜ ਚੁੱਕਾ ਹੈ।

ਕੁਦਰਤ ਨਾਲ ਪਿਆਰ ਕਰਨ ਵਾਲੇ ਇਸ ਕਿਸਾਨ ਗੁਰਮੁਖ ਸਿੰਘ ਵੱਲੋਂ ਜਿੱਥੇ ਆਪਣੇ ਖੇਤਾਂ ਵਿੱਚ ਜ਼ਹਿਰਾਂ ਰਹਿਤ ਕੁਦਰਤੀ ਖੇਤੀ ਕੀਤੀ ਜਾਂਦੀ ਹੈ ਉੱਥੇ ਇਹ ਫ਼ਸਲਾਂ ਦੀ ਬਿਜਾਈ ਵਿੱਚ ਵੀ ਪਾਣੀ ਦੀ ਬਹੁਤ ਬੱਚਤ ਕਰਦੇ ਹਨ। ਗੁਰਮੁਖ ਸਿੰਘ ਦਿਨੋ-ਦਿਨ ਜ਼ਮੀਨ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਤੋਂ ਬਹੁਤ ਚਿੰਤਤ ਹੈ ਅਤੇ ਉਸ ਨੇ ਪਾਣੀ ਦੀ ਬੱਚਤ ਲਈ ਆਪਣੇ ਉਪਰਾਲੇ ਸ਼ੁਰੂ ਕੀਤੇ ਹੋਏ ਹਨ। ਗੁਰਮੁਖ ਸਿੰਘ ਨੇ ਤਿੰਨ ਸਾਲ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕੀਤਾ ਸੀ ਅਤੇ ਉੱਥੋਂ ਉਨ੍ਹਾਂ ਨੇ ਬਰਸਾਤੀ ਪਾਣੀ ਬਚਾਉਣ ਦੀ ਤਕਨੀਕ ਦੇਖੀ ਸੀ। 
 
ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2016 ਵਿੱਚ ਆਪਣੇ ਘਰ ਵਿੱਚ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿੱਟ ਤਿਆਰ ਕੀਤਾ ਸੀ ਅਤੇ ਆਪਣੇ ਘਰ ਦੀ ਛੱਤ ਅਤੇ ਵਿਹੜੇ ਦਾ ਬਰਸਾਤੀ ਪਾਣੀ ਇਸ ਸਿਸਟਮ ਰਾਹੀਂ ਜ਼ਮੀਨ ਹੇਠਾਂ ਭੇਜਿਆ ਹੈ। ਉਸ ਨੇ ਦੱਸਿਆ ਕਿ ਇਹ ਡਿਜ਼ਾਈਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਹੈ ਜਿਸ ਤਹਿਤ ਉਸ ਨੇ ਆਪਣੇ ਘਰ ਦੇ ਵਿਹੜੇ ਵਿੱਚ 6 ਬਾਈ 6 ਫੁੱਟ ਦਾ ਟੋਆ ਪੁੱਟ ਕੇ ਇਸ ਨੂੰ ਟੈਂਕ ਦਾ ਰੂਪ ਦੇ ਦਿੱਤਾ। ਇਸ ਟੈਂਕ ਦੇ ਤਿੰਨ ਹਿੱਸੇ ਕਰ ਦਿੱਤੇ। ਟੈਂਕ ਦੇ ਇੱਕ ਵਿੱਚ ਬਰਸਾਤੀ ਪਾਣੀ ਡਿਗਦਾ ਹੈ, ਦੂਜੇ ਹਿੱਸੇ ਵਿੱਚ ਵਿਚਕਾਰ ਫ਼ਿਲਟਰ ਲੱਗਾ ਹੈ ਅਤੇ ਅਗਲੇ ਹਿੱਸੇ ਵਿੱਚ ਬੋਰ ਹੈ। ਉਨ੍ਹਾਂ ਦੱਸਿਆ ਕਿ ਬੋਰ 60 ਫੁੱਟ ਡੂੰਘਾ ਹੈ ਅਤੇ ਪਾਈਪ ਦੀ ਚੌੜਾਈ 4 ਇੰਚ ਦੀ ਹੈ। ਗੁਰਮੁਖ ਸਿੰਘ ਨੇ ਦੱਸਿਆ ਕਿ 60 ਫੁੱਟ ਦੇ ਬੋਰ ਵਿੱਚ 55 ਫੁੱਟ ਫ਼ਿਲਟਰ ਪਾਇਆ ਗਿਆ ਹੈ ਤਾਂ ਜੋ ਪਾਣੀ ਅਸਾਨੀ ਨਾਲ ਜ਼ਮੀਨ ਹੇਠਾਂ ਜਾ ਸਕੇ। ਉਨ੍ਹਾਂ ਦੱਸਿਆ ਕਿ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿੱਟ ਤਿਆਰ ਕਰਨ ਵਿੱਚ ਉਸ ਦੀ 25 ਹਜ਼ਾਰ ਰੁਪਏ ਲਾਗਤ ਆਈ ਸੀ। 

ਗੁਰਮੁਖ ਸਿੰਘ ਨੇ ਦੱਸਿਆ ਕਿ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿੱਟ ਦੇ ਬਹੁਤ ਫ਼ਾਇਦੇ ਹਨ। ਅਜਿਹਾ ਕਰਨ ਨਾਲ ਬਰਸਾਤੀ ਪਾਣੀ ਅਸਾਨੀ ਨਾਲ ਜ਼ਮੀਨ ਹੇਠਾਂ ਜਾ ਸਕੇਗਾ ਜਿਸ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚੇ ਆਵੇਗਾ। ਇਸ ਤੋਂ ਇਲਾਵਾ ਬਰਸਾਤੀ ਪਾਣੀ ਗਲੀਆਂ ਨਾਲੀਆਂ ਵਿੱਚ ਜਾ ਕੇ ਦੂਸ਼ਿਤ ਨਹੀਂ ਹੋਵੇਗਾ। ਇਸ ਤੋਂ ਇਲਾਵਾ ਬਰਸਾਤੀ ਪਾਣੀ ਨੀਵੇਂ ਥਾਵਾਂ ਵਿੱਚ ਖੜ੍ਹ ਕੇ ਮੱਛਰ, ਮੱਖੀਆਂ ਅਤੇ ਹੋਰ ਬਿਮਾਰੀ ਫੈਲਾਉਣ ਵਾਲੇ ਕੀੜੇ ਮਕੌੜਿਆਂ ਦਾ ਕਾਰਨ ਵੀ ਨਹੀਂ ਬਣੇਗਾ। ਉਨ੍ਹਾਂ ਦੱਸਿਆ ਕਿ ਬਰਸਾਤੀ ਪਾਣੀ ਬਹੁਤ ਸ਼ੁੱਧ ਹੁੰਦਾ ਹੈ ਜਿਸ ਦੀ ਮਿਸਾਲ ਉਨ੍ਹਾਂ ਆਪਣੇ ਘਰ ਦੇ ਪਾਣੀ ਦੀ ਦਿੱਤੀ ਹੈ। ਗੁਰਮੁਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪੀਣ ਵਾਲੇ ਪਾਣੀ ਦਾ ਬੋਰ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿੱਟ ਦੇ ਨਜ਼ਦੀਕ ਹੈ ਅਤੇ ਹੁਣ ਉਨ੍ਹਾਂ ਦਾ ਪੀਣ ਵਾਲਾ ਪਾਣੀ ਜ਼ਿਆਦਾ ਸ਼ੁੱਧ ਹੋ ਗਿਆ ਹੈ ਅਤੇ ਇਸ ਦਾ ਟੀ.ਡੀ.ਐੱਸ. ਵੀ ਘੱਟ ਗਿਆ ਹੈ। 

ਕਿਸਾਨ ਗੁਰਮੁਖ ਸਿੰਘ ਪਾਣੀ ਬਚਾਉਣ ਦਾ ਸੰਦੇਸ਼ ਹੋਰ ਲੋਕਾਂ ਤੱਕ ਵੀ ਪਹੁੰਚਾ ਰਿਹਾ ਹੈ ਅਤੇ ਉਸ ਨੇ ਕਈ ਸਕੂਲਾਂ ਅਤੇ ਗੁਰਦੁਆਰਿਆਂ ਨਾਲ ਸੰਪਰਕ ਕਰਕੇ ਰੇਨ ਵਾਟਰ ਹਾਰਵੈਸਟਿੰਗ ਰੀਚਾਰਜ ਪਿੱਟ ਬਣਾਉਣ ਲਈ ਉਨ੍ਹਾਂ ਨੂੰ ਰਾਜ਼ੀ ਕੀਤਾ ਹੈ। ਗੁਰਮੁਖ ਸਿੰਘ ਦਾ ਮੰਨਣਾ ਹੈ ਕਿ ਪਾਣੀ ਦੀ ਇੱਕ-ਇੱਕ ਬੂੰਦ ਬੇਸ਼ਕੀਮਤੀ ਹੈ ਅਤੇ ਇਸ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਕਿਸਾਨ ਗੁਰਮੁਖ ਸਿੰਘ ਵੱਲ ਵੇਖ ਕੇ ਹੋਰ ਲੋਕ ਵੀ ਪਾਣੀ ਦੀ ਬੱਚਤ ਲਈ ਅੱਗੇ ਆ ਰਹੇ ਹਨ।