ਸਰਕਾਰਾਂ ਨੇ ਮੰਗਤੇ ਬਣਾ ਕੇ ਰੱਖ ਦਿੱਤੇ ਅਧਿਆਪਕ.!!!(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 17 2019 13:12
Reading time: 3 mins, 35 secs

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਹਰ ਸਮੇਂ ਸਰਕਾਰਾਂ ਦੇ ਵੱਲੋਂ ਦਾਅਵੇ ਤਾਂ ਵੱਡੇ-ਵੱਡੇ ਕੀਤੇ ਜਾਂਦੇ ਹਨ। ਪਰ ਇਹ ਦਾਅਵੇ ਕਦੇ ਵੀ ਸੱਚ ਸਾਬਤ ਨਹੀਂ ਹੁੰਦੇ। ਕਿਉਂਕਿ ਸਮੇਂ ਦੀਆਂ ਸਰਕਾਰਾਂ ਦੇ ਦਾਅਵਿਆਂ ਅਤੇ ਵਾਅਦਿਆਂ ਦੇ 'ਚ ਝੂਠ ਹੀ ਝੂਠ ਹੀ ਹੁੰਦਾ ਹੈ, ਹੋਰ ਕੁਝ ਨਹੀਂ, ਜੋ ਕਿ ਬਹੁਤ ਸਾਰੇ ਲੀਡਰਾਂ ਦੀ ਬੇੜੀ ਨੂੰ ਪਾਰ ਲਾਉਂਦਾ ਹੈ। ਵੇਖਿਆ ਜਾਵੇ ਤਾਂ ਸਾਡੇ ਪੰਜਾਬ ਦੇ ਅੰਦਰ ਸਿੱਖਿਆ ਦਾ ਇੰਨਾ ਕੁ ਜ਼ਿਆਦਾ ਮਾੜਾ ਹਾਲ ਹੋਇਆ ਪਿਆ ਹੈ ਕਿ ਕੋਈ ਕਹਿਣ ਦੀ ਹੱਦ ਹੀ ਨਹੀਂ। 

ਦੋਸਤੋ, ਤੁਹਾਨੂੰ ਦੱਸ ਦੇਈਏ ਕਿ ਸਿੱਖਿਆ ਅਤੇ ਸਿਹਤ ਦਾ ਸੁਧਾਰ ਉਦੋਂ ਹੁੰਦਾ ਹੈ, ਜਦੋਂ ਸਾਡੇ ਕੋਲੋਂ ਮੋਟਾ ਟੈਕਸ ਵਸੂਲਣ ਵਾਲੀਆਂ ਸਰਕਾਰਾਂ ਸਿੱਖਿਆ ਅਤੇ ਸਿਹਤ ਦੇ ਪ੍ਰਤੀ ਸੁਹਿਰਦ ਹੋਣ। ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਤਾਂ ਆਪਣੇ ਢਿੱਡਾਂ ਦੀ ਪਈ ਹੁੰਦੀ ਹੈ। ਵਿਧਾਨ ਸਭਾ ਚੋਣਾਂ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਪੰਜਾਬ ਵਾਸੀਆਂ ਦੇ ਨਾਲ ਕਈ ਪ੍ਰਕਾਰ ਦੇ ਵਾਅਦੇ ਕੀਤੇ ਸਨ। ਜਿਨ੍ਹਾਂ ਦੇ ਵਿੱਚੋਂ ਇੱਕ ਅਹਿਮ ਵਾਅਦਾ ਇਹ ਸੀ ਕਿ ਪੰਜਾਬ ਦੇ ਅੰਦਰ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਲਈ ਸੋਹਣੇ ਸਕੂਲ ਅਤੇ ਚੰਗੇ ਪੜ੍ਹੇ ਲਿਖੇ ਨੌਜਵਾਨ ਭਰਤੀ ਕੀਤੇ ਜਾਣਗੇ। 

ਪਰ.!! ਵੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਦੇ 'ਚ ਆਇਆ ਨੂੰ, ਕਰੀਬ ਢਾਈ ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਇਹ ਸਰਕਾਰ ਜਿੱਥੇ ਸਮੂਹ ਸਕੂਲਾਂ ਨੂੰ ਸੋਹਣਾ ਨਹੀਂ ਬਣਾ ਸਕੀ, ਉੱਥੇ ਹੀ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਵਿਭਾਗ ਵਿੱਚ ਭਰਤੀ ਨਹੀਂ ਕੀਤਾ ਗਿਆ। ਜਿਸ ਦੇ ਕਾਰਨ ਲੋਕਾਂ ਨੂੰ ਜੋ ਸੁਪਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਚੋਣਾਂ ਦੇ ਵੇਲੇ ਵਿਖਾਏ ਗਏ ਸਨ, ਉਹ ਸਿਰਫ਼ ਤੇ ਸਿਰਫ਼ ਸੁਪਨੇ ਹੀ ਬਣ ਕੇ ਰਹਿ ਗਏ ਹਨ ਅਤੇ ਇਸ ਦੇ ਵੱਲ ਨਾ ਤਾਂ ਕੋਈ ਨਵੇਂ ਮੰਤਰੀ ਧਿਆਨ ਦੇ ਰਹੇ ਹਨ ਅਤੇ ਨਾ ਹੀ ਮੁੱਖ ਮੰਤਰੀ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ। 

ਦੋਸਤੋ, ਪਿਛਲੇ ਸਮੇਂ ਦੌਰਾਨ ਸਰਕਾਰ ਦੇ ਵੱਲੋਂ ਇੱਕ ਟੀਚਾ ਮਿਥਿਆ ਗਿਆ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾਵੇਗਾ, ਪਰ ਕਿਸ ਤਰ੍ਹਾਂ ਬਣਾਇਆ ਜਾਵੇਗਾ? ਇਸ ਦੇ ਬਾਰੇ ਵਿੱਚ ਦੱਸਿਆ ਨਹੀਂ ਸੀ ਗਿਆ? ਕਿਹੜੇ ਕੋਟੇ ਵਿੱਚੋਂ ਸਰਕਾਰੀ ਗ੍ਰਾਂਟ ਆਵੇਗੀ, ਕਿਸ ਤਰ੍ਹਾਂ ਲਗਾਈ ਜਾਵੇਗੀ ਅਤੇ ਕੌਣ ਇਸ 'ਤੇ ਕੰਮ ਕਰੇਗਾ, ਇਸ ਦੇ ਬਾਰੇ ਵਿੱਚ ਵੀ ਦੱਸਿਆ ਨਹੀਂ ਗਿਆ। ਬਸ, ਸਰਕਾਰ ਨੇ ਇਹ ਕਹਿ ਕੇ ਬੁੱਤਾ ਸਾਰ ਦਿੱਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣਾ ਹੈ ਅਤੇ ਸਮਾਰਟ ਸਕੂਲ ਬਣਾਉਣ ਦੇ ਲਈ ਅਧਿਆਪਕ ਆਪਣੀ ਜੇਬ ਵਿੱਚੋਂ ਜਾਂ ਫਿਰ ਪਿੰਡ ਦੀ ਪੰਚਾਇਤ ਤੋਂ ਗ੍ਰਾਂਟ ਵਸੂਲੀ ਕਰਨਗੇ।
 
ਵੇਖਿਆ ਜਾਵੇ ਤਾਂ, ਫਿਰ ਅਸੀਂ ਸਰਕਾਰਾਂ ਹੀ ਕਿਉਂ ਚੁਣੀਆਂ, ਜੇਕਰ ਸਾਨੂੰ ਆਪਣਾ ਵਿਕਾਸ ਵੀ ਖ਼ੁਦ ਕਰਨਾ ਪੈ ਰਿਹਾ ਹੈ। ਜਿਹੜੀ ਸਰਕਾਰ ਨੇ ਵਾਅਦੇ ਜਨਤਾ ਦੇ ਨਾਲ ਲੱਖਾਂ ਕੀਤੇ ਸਨ, ਉਹ ਵਾਅਦੇ ਸਰਕਾਰ ਭੁੱਲ ਕੇ ਹੁਣ ਜਨਤਾ ਦੇ ਸਿਰ ਹੀ ਮੜ੍ਹ ਰਹੀ ਹੈ ਕਿ ਤੁਸੀਂ ਹੀ ਕਰੋ ਸਭ ਕੁਝ, ਅਜਿਹਾ ਕਿਉਂ? ਇਸ ਵੇਲੇ ਸਰਕਾਰ ਦੇ ਵੱਲੋਂ ਅਧਿਆਪਕਾਂ ਦੀ ਡਿਊਟੀ ਪੜ੍ਹਾਉਣ ਦੇ ਨਾਲ ਨਾਲ ਪੈਸੇ ਇਕੱਠੇ ਕਰਨ 'ਤੇ ਵੀ ਲਗਾਈ ਗਈ ਹੈ ਤਾਂ ਜੋ, ਪੰਜਾਬ ਦੇ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਸਕੇ ਅਤੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਅੰਦਰ ਬੱਚਿਆਂ ਦੀ ਗਿਣਤੀ ਵਧਾਈ ਜਾ ਸਕੇ। 

ਪਹਿਲਾ ਸਵਾਲ ਤਾਂ ਇੱਥੇ ਪੈਦਾ ਹੀ ਇਹ ਹੁੰਦਾ ਹੈ ਕਿ ਜਿਨ੍ਹਾਂ ਅਧਿਆਪਕਾਂ ਨੂੰ ਸਮੇਂ ਸਿਰ ਤਨਖ਼ਾਹਾਂ ਨਹੀਂ ਮਿਲਦੀਆਂ, ਉਹ ਆਪਣੀ ਜੇਬ ਵਿੱਚੋਂ ਪੈਸਾ ਕਿਵੇਂ ਲਗਾਉਣਗੇ? ਦੂਜਾ ਸਵਾਲ, ਕੀ ਜਨਤਾ ਨੇ ਵੋਟਾਂ ਸਰਕਾਰ ਨੂੰ ਤਾਂ ਪਾਈਆਂ ਸਨ ਕਿ ਪੰਜਾਬ ਦਾ ਭਲਾ ਅਧਿਆਪਕਾਂ ਜਾਂ ਫਿਰ ਸਰਪੰਚਾਂ ਕਰ ਪਾਉਣਗੇ? ਤੀਜਾ ਸਵਾਲ, ਕੀ ਅਧਿਆਪਕਾਂ ਸਿਰ ਸਮਾਰਟ ਸਕੂਲ ਬਣਾਉਣ ਦਾ ਫ਼ਰਮਾਨ ਮੜ੍ਹਨ ਦੇ ਨਾਲ ਸਕੂਲ ਸਮਾਰਟ ਬਣ ਜਾਣਗੇ? ਚੌਥਾ ਸਵਾਲ, ਸਾਡੇ ਤੋਂ ਲਿਆ ਜਾਂਦਾ ਟੈਕਸ ਕਿਹੜੇ ਖੂਹ ਖਾਤੇ ਵਿੱਚ ਜਾਂਦਾ ਹੈ, ਕੋਈ ਦੱਸ ਸਕਦਾ ਹੈ? 

ਪੰਜਵਾਂ ਸਵਾਲ, ਕੀ ਕੋਈ ਲੀਡਰ ਆਪਣੀ ਤਨਖ਼ਾਹ ਸਰਕਾਰੀ ਸਕੂਲ ਨੂੰ ਹੁਣ ਤੱਕ ਦਾਨ ਕਰ ਪਾਇਆ ਹੈ? ਛੇਵਾਂ ਸਵਾਲ, ਕੀ ਸਰਕਾਰ ਦੇ ਗੀਝੇ ਬਿਲਕੁਲ ਖ਼ਾਲੀ ਹੋ ਚੁੱਕੇ ਹਨ? ਜੇਕਰ ਸਰਕਾਰ ਵਾਲਿਆਂ ਹੀ ਬਿਲਕੁਲ ਖ਼ਾਲੀ ਹੋ ਚੁੱਕੀ ਹੈ ਅਤੇ ਪੈਸਾ ਚਵਾਨੀ ਵੀ ਸਰਕਾਰ ਦੇ ਖਾਤੇ ਵਿੱਚ ਨਹੀਂ ਬਚਿਆ ਤਾਂ ਫਿਰ ਸਰਕਾਰ ਨੂੰ ਸਾਡੇ 'ਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ। ਸਰਕਾਰ ਨੂੰ ਫਿਰ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਅਤੇ ਰਾਜ ਸਮੂਹ ਜਨਤਾ ਦੇ ਹੱਥ ਵਿੱਚ ਕਰ ਦੇਣਾ ਚਾਹੀਦਾ ਹੈ ਤਾਂ ਜੋ ਰਾਜ ਨੂੰ ਚੰਗੀ ਤਰ੍ਹਾਂ ਨਾਲ ਚਲਾਇਆ ਜਾ ਸਕੇ।
 
ਵੇਖਿਆ ਜਾਵੇ ਤਾਂ ਸਾਡੇ ਤੋਂ ਲਿਆ ਜਾਂਦਾ ਟੈਕਸ, ਲੀਡਰਾਂ ਦੀਆਂ ਗੱਡੀਆਂ ਵਿੱਚ ਤੇਲ ਪਾਉਣ ਤੋਂ ਇਲਾਵਾ ਉਨ੍ਹਾਂ ਨੂੰ ਸਾਰੀਆਂ ਐਸ਼ੋ ਅਰਾਮ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਪਰ.!! ਕੀ ਸਰਕਾਰ ਦਾ ਫ਼ਰਜ਼ ਨਹੀਂ ਬਣਦਾ ਕਿ ਜਨਤਾ ਤੋਂ ਲਿਆ ਜਾਂਦਾ ਟੈਕਸ ਜਨਤਾ 'ਤੇ ਹੀ ਲਗਾਇਆ ਜਾਵੇ? ਅਜਿਹੇ ਬਹੁਤ ਹੀ ਸਵਾਲ ਹਨ, ਜਿਨ੍ਹਾਂ ਦਾ ਸਰਕਾਰ ਦੇ ਕੋਲ ਜਵਾਬ ਨਹੀਂ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਆਉਣ ਵਾਲੇ ਸਮੇਂ ਵਿੱਚ ਸਰਕਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੇ ਵਿੱਚ ਆਪਣੀ ਜੇਬ ਵਿੱਚੋਂ ਪੈਸਾ ਖ਼ਰਚਦੀ ਹੈ ਜਾਂ ਨਹੀਂ?