ਕੈਪਟਨ ਲਈ, ਸੱਪ ਦੇ ਮੂੰਹ 'ਚ ਕੋਹੜ ਕਿਰਲੀ ਸਾਬਤ ਹੋਵੇਗਾ ਸਿੱਧੂ ਦਾ ਅਸਤੀਫ਼ਾ (ਵਿਅੰਗ)

Last Updated: Jul 17 2019 12:19
Reading time: 1 min, 24 secs

ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ, ਇਹ ਗੱਲ ਪੁਰਾਣੀ ਹੋ ਗਈ ਹੈ। ਅਸਤੀਫ਼ਾ ਮੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਵਿਖੇ ਸਥਿਤ ਸਰਕਾਰੀ ਰਿਹਾਇਸ਼ ਦੇ ਟੇਬਲ ਤੇ ਪਹੁੰਚ ਚੁੱਕਾ ਹੈ, ਖ਼ਬਰਾਂ ਇਹ ਵੀ ਚੱਪ ਚੁੱਕੀਆਂ ਹਨ। ਮੁੱਖ ਮੰਤਰੀ ਵੱਲੋਂ ਅਜੇ ਸਿੱਧੂ ਦਾ ਅਸਤੀਫ਼ਾ ਵਿਚਾਰਿਆ ਜਾਣਾ ਹੈ, ਖ਼ਬਰਾਂ ਇਹ ਵੀ ਆ ਚੁੱਕੀਆਂ ਹਨ। ਪਰ ਇਨ੍ਹਾਂ ਸਭਨਾਂ ਖ਼ਬਰਾਂ ਦੇ ਪਿੱਛੇ ਜਿਹੜੀ ਖ਼ਬਰ ਛਿਪੀ ਹੋਈ ਹੈ, ਉਹ ਇਹ ਹੈ ਕਿ, ਸਿੱਧੂ ਵੱਲੋਂ ਦਿੱਤਾ ਅਸਤੀਫ਼ਾ, ਕੈਪਟਨ ਲਈ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਬਣ ਚੁੱਕਾ ਹੈ।

ਦੋਸਤੋ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ, ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਵੀ ਨਸ਼ਿਆਂ ਦੇ ਮਾਮਲੇ ਵਿੱਚ ਰਾਜਾ ਜੀ ਦੀ ਸਭ ਤੋਂ ਮੁਖ਼ਾਲਫ਼ਤ ਸਿੱਧੂ ਹੀ ਕਰਦੇ ਰਹੇ ਹਨ। ਸਿੱਧੂ ਹੀ ਇੱਕ ਅਜਿਹੇ ਕੈਬਨਿਟ ਮੰਤਰੀ ਹਨ, ਜਿਹੜੇ ਹੁਣ ਤੱਕ ਕੈਪਟਨ ਨੂੰ ਗੁਟਕਾ ਸਾਹਿਬ ਦੀ ਖਾਧੀ ਸਹੁੰ ਚੇਤੇ ਕਰਵਾਉਣ ਦੇ ਨਾਲ ਨਾਲ ਪਿਛਲੀ ਸਰਕਾਰ ਦੇ ਕੇਬਲ ਅਤੇ ਰੇਤਾ-ਬਜਰੀ ਮਾਫ਼ੀਆ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਆਏ ਹਨ। 

ਰਹਿੰਦੇ ਖ਼ੂੰਹਦੇ ਸਿੱਧੂ ਨੇ ਕੈਪਟਨ ਨਾਲ ਸਿੰਙ ਚੋਣਾਂ ਵਿੱਚ ਫਸਾ ਲਏ, ਫਰੈਂਡਲੀ ਮੈਚ ਦਾ ਮਿਹਣਾ ਮਾਰਕੇ। ਸਿਆਸੀ ਮਾਹਿਰ ਮੰਨਦੇ ਹਨ ਕਿ, ਜੇਕਰ ਹੁਣ ਇਨ੍ਹਾਂ ਹਾਲਾਤਾਂ ਵਿੱਚ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਦਾ ਅਸਤੀਫ਼ਾ ਮਜਬੂਰ ਕਰਦੇ ਹਨ ਤਾਂ ਉਨ੍ਹਾਂ ਨੂੰ ਲੋਕਾਂ ਦੀ ਭਾਰੀ ਅਲੋਚਨਾ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ ਅਤੇ ਜੇਕਰ ਉਹ ਅਸਤੀਫ਼ਾ ਮਜਬੂਰ ਨਹੀਂ ਕਰਦੇ ਤਾਂ ਸਿੱਧੂ ਦੇ ਮੂਹਰੇ ਉਨ੍ਹਾਂ ਦੀ ਮੁੱਛ ਅਤੇ ਧੌਣ ਨੀਵੀਂ ਹੁੰਦੀ ਹੈ। ਬਾਕੀ ਇਹ ਸਿਆਸਤ ਹੈ ਅਤੇ ਸਿਆਸਤ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ, ਨਾ ਹੀ ਦੋਸਤੀ ਅਤੇ ਨਾ ਹੀ ਦੁਸ਼ਮਣੀ, ਪਰ ਜੋ ਵੀ ਹੈ, ਸਿੱਧੂ ਦੇ ਅਸਤੀਫ਼ੇ ਨੇ ਇੱਕ ਵਾਰ ਤਾਂ, ਕੈਪਟਨ ਦੀ ਸਥਿਤੀ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਰਗੀ ਕਰਕੇ ਰੱਖ ਦਿੱਤੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।