ਖ਼ਬਰਦਾਰ, ਪਟਿਆਲਾ ਦੀ ਵੱਡੀ ਨਦੀ ਨੇ ਧਾਰਿਆ ਦਰਿਆ ਦਾ ਰੂਪ

Last Updated: Jul 17 2019 11:17
Reading time: 1 min, 4 secs

ਸੌਣ ਮਹੀਨੇ ਦੇ ਦੂਜੇ ਦਿਨ ਵੀ ਬਰਸਾਤ ਜਾਰੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੀ ਬਰਸਾਤ ਨੇ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਲਈ ਉਜਾੜੇ ਵਰਗੀ ਸਥਿਤੀ ਪੈਦਾ ਕਰਕੇ ਰੱਖ਼ ਦਿੱਤੀ ਹੈ। ਘੱਗਰ ਦਰਿਆ ਨੇ ਭਾਰੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸਦਾ ਅਸਰ ਪਟਿਆਲਾ ਦੀ ਵੱਡੀ ਨਦੀ ਵਿੱਚ ਵੀ ਸਪਸ਼ਟ ਵੇਖ਼ਣ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਘੱਗਰ ਵਿੱਚ ਆਏ ਉਛਾਲ ਦੇ ਚਲਦਿਆਂ ਪਟਿਆਲਾ 'ਚੋਂ ਨਿੱਕਲਦੀ ਵੱਡੀ ਨਦੀ ਇਸ ਵੇਲੇ ਦਰਿਆ ਦਾ ਰੂਪ ਧਾਰਨ ਕਰ ਚੁੱਕੀ ਹੈ। ਜਿਹਨਾਂ ਇਲਾਕਿਆਂ 'ਚੋਂ ਇਹ ਨਦੀ ਗੁਜ਼ਰਦੀ ਹੈ, ਉਥੇ ਇਸਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਦਰਜਨਾਂ ਹੀ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਅਤੇ ਖ਼ੇਤਾਂ ਵਿੱਚ ਜਾ ਵੜਿਆ ਹੈ। ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਦਾ ਨਾਮੋ ਨਿਸ਼ਾਨ ਖ਼ਤਮ ਹੋ ਗਿਆ ਹੈ, ਖ਼ੇਤ, ਦਰਿਆਵਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਪਾਣੀ ਦਾ ਪੱਧਰ ਵੇਖ਼ਣ ਲਈ ਪਟਿਆਲਵੀ ਲਗਾਤਰ ਵੱਡੀ ਨਦੀ ਦੀਆਂ ਗੇੜੀਆਂ ਮਾਰ ਰਹੇ ਹਨ। ਗੱਲ ਕੀ, ਪਟਿਆਲਾ ਪਾਣੀ ਪਾਣੀ ਹੋ ਚੁੱਕਾ ਹੈ। ਹਰ ਪਾਸੇ ਡਰ ਅਤੇ ਭੈਅ ਦਾ ਮਹੌਲ ਬਣਿਆ ਹੋਇਆ ਹੈ। ਇਸਤੋਂ ਪਹਿਲਾਂ ਕਿ, ਪਾਣੀ ਸ਼ਹਿਰ ਵਿੱਚ ਦਾਖ਼ਲ ਹੋ ਜਾਵੇ, ਵੱਡੀ ਨਦੀ ਦੇ ਨਾਲ ਲੱਗਦੇ ਇਲਾਕਿਆਂ ਨੇ ਆਪਣਾ ਸਮਾਨ ਜਾਂ ਤਾਂ ਛੱਤਾਂ ਤੇ ਚੜਾ ਲਿਆ ਹੈ ਅਤੇ ਜਾਂ ਫ਼ਿਰ ਉਸ ਨੂੰ ਸੁਰੱਖ਼ਿਅਤ ਥਾਵਾਂ ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਹੋਰ ਤਾਂ ਹੋਰ ਹੜ ਦੀਆਂ ਅਫ਼ਵਾਹਾਂ ਕਾਰਨ ਲੋਕਾਂ ਨੇ ਖ਼ਾਣ ਪੀਣ ਦੀਆਂ ਵਸਤਾਂ ਅਤੇ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ।