ਡਰੱਗ ਇੰਸਪੈਕਟਰ ਨੇ ਪੁਲਿਸ ਟੀਮ ਨਾਲ ਮੈਡੀਕਲ ਸਟੋਰਾਂ 'ਤੇ ਕੀਤੀ ਅਚਨਚੇਤ ਚੈਕਿੰਗ, ਕੁਝ ਨਹੀਂ ਹੱਥ ਲੱਗਿਆ

Last Updated: Jul 16 2019 19:22
Reading time: 2 mins, 12 secs

ਸੂਬੇ ਚੋਂ ਨਸ਼ਿਆਂ ਦੇ ਖ਼ਾਤਮਾ ਕਰਨ ਅਤੇ ਨਸ਼ਾ ਤਸਕਰਾਂ ਤੇ ਨੁਕੇਲ ਕੱਸਣ ਸਬੰਧੀ ਸੂਬਾ ਸਰਕਾਰ ਵੱਲੋਂ ਬੀਤੇ ਸਾਲ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਦਾ ਗਠਨ ਕੀਤਾ ਗਿਆ ਸੀ। ਸਰਕਾਰ ਨੇ ਐਸਟੀਐਫ ਨੂੰ ਨਸ਼ਾ ਵੇਚਣ ਦੇ ਧੰਦੇ 'ਚ ਜੁਟੇ ਤਸਕਰਾਂ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਗਾ ਕੇ ਲਿਸਟਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਬੇਸ਼ੱਕ, ਪਿਛਲੇ ਕੁਝ ਸਮੇਂ ਦੌਰਾਨ ਐਸਟੀਐਫ ਅਤੇ ਪੰਜਾਬ ਪੁਲਿਸ ਵੱਲੋਂ ਬਾਹਰੀ ਸੂਬਿਆਂ ਚੋਂ ਸਸਤੇ ਭਾਅ ਨਸ਼ੀਲੇ ਪਦਾਰਥ ਲਿਆ ਕੇ ਸੂਬੇ 'ਚ ਸਪਲਾਈ ਕਰਨ ਵਾਲੇ ਕਾਫ਼ੀ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਣੇ ਕਾਬੂ ਜੇਲ੍ਹ ਪਹੁੰਚਾ ਦਿੱਤਾ ਗਿਆ ਹੈ।

ਪ੍ਰੰਤੂ, ਨਸ਼ਿਆਂ ਦੇ ਕਾਰੋਬਾਰ 'ਚ ਜੁਟੇ ਕੈਮਿਸਟ ਸਟੋਰ ਮਾਲਕਾਂ ਵੱਲੋਂ ਨਸ਼ੀਲੀਆਂ ਦਵਾਈਆਂ ਅਤੇ ਇੰਜੈੱਕਸ਼ਨ ਵੇਚੇ ਜਾਣ ਦੇ ਮਾਮਲੇ ਸਾਹਮਣੇ ਆਉਣ ਦੇ ਬਾਦ ਸਰਕਾਰ ਵੱਲੋਂ ਨਸ਼ਾ ਵੇਚਣ ਵਾਲੇ ਕੈਮਿਸਟਾਂ ਖ਼ਿਲਾਫ਼ ਸਿਹਤ ਵਿਭਾਗ ਨੂੰ ਕਾਰਵਾਈ ਕਰਨ ਦੇ ਆਰਡਰ ਕੀਤੇ ਗਏ ਹਨ। ਇਸ ਲੜੀ ਤਹਿਤ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਜ਼ਿਲ੍ਹਾ ਫਤਹਿਗੜ ਸਾਹਿਬ ਦੇ ਕਈ ਇਲਾਕਿਆਂ 'ਚ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਇਸ ਕਾਰਵਾਈ ਤਹਿਤ ਜ਼ਿਲ੍ਹਾ ਫਤਹਿਗੜ ਸਾਹਿਬ ਦੇ ਐਸਐਸਪੀ ਅਮਨੀਤ ਕੌਂਡਲ ਦੀਆਂ ਹਦਾਇਤਾਂ 'ਤੇ ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ 'ਚ ਡਰੱਗ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਥਾਣੇਦਾਰ ਮਨਦੀਪ ਸਿੰਘ, ਚੌਂਕੀ ਇੰਚਾਰਜ ਚੁੰਨੀ ਕਲਾਂ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਨਾਲ ਅਕਾਲ ਮੈਡੀਕਲ ਸਟੋਰ ਚੁੰਨੀ ਕਲਾਂ, ਪਬਲਿਕ ਮੈਡੀਕਲ ਸਟੋਰ ਚੁੰਨੀ ਕਲਾਂ, ਰੇਖੀ ਮੈਡੀਕਲ ਸਟੋਰ ਬਡਾਲੀ ਆਲਾ ਸਿੰਘ, ਗਿੱਲ ਮੈਡੀਕਲ ਹਾਲ ਬਡਾਲੀ ਆਲਾ ਸਿੰਘ, ਗੁਰ ਨਾਨਕ ਮੈਡੀਕਲ ਹਾਲ ਬਡਾਲੀ ਆਲਾ ਸਿੰਘ ਆਦਿ ਮੈਡੀਕਲ ਸਟੋਰਾਂ ਦੀ ਨਸ਼ੀਲੀਆਂ ਦਵਾਈਆਂ ਦੇ ਰੱਖਣ ਅਤੇ ਵੇਚਣ ਸਬੰਧੀ ਬਾਰੀਕੀ ਨਾਲ ਚੈਕਿੰਗ ਕੀਤੀ।

ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਹਾਲਾਂਕਿ, ਕਿਸੇ ਮੈਡੀਕਲ ਸਟੋਰ ਚੋਂ ਕਿਸੇ ਪ੍ਰਕਾਰ ਦੀ ਕੋਈ ਨਸ਼ੀਲੀਆਂ ਦਵਾਈਆਂ ਬਰਾਮਦ ਨਹੀਂ ਹੋਈਆਂ ਹਨ। ਪ੍ਰੰਤੂ ਕੁਝ ਮੈਡੀਕਲ ਸਟੋਰਾਂ 'ਚ ਦਵਾਈਆਂ ਦੇ ਖ਼ਰੀਦ ਅਤੇ ਵੇਚ ਰਜਿਸਟਰ 'ਚ ਅਤੇ ਹੋਰ ਕਮੀਆਂ ਪਾਈਆਂ ਗਈਆਂ ਹਨ। ਡਰੱਗ ਇੰਸਪੈਕਟਰ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਮੈਡੀਕਲ ਸਟੇਰਾਂ 'ਚ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਮੁਤਾਬਿਕ ਜ਼ਰੂਰੀ ਕਦਮ ਨਹੀਂ ਚੁੱਕੇ ਅਤੇ ਕਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਕੈਮਿਸਟਾਂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਜਾਵੇਗਾ। ਇਸ ਤੋਂ ਇਲਾਵਾ ਮੈਡੀਕਲ ਸਟੋਰ ਮਾਲਕਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਮੈਡੀਕਲ ਸਟੋਰਾਂ ਤੇ ਨਸ਼ੀਲੀਆਂ ਦਵਾਈਆਂ ਨਹੀਂ ਵੇਚਣਗੇ।
  
ਇਸ ਸੰਬੰਧ 'ਚ ਐਸਐਚਓ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਮੈਡੀਕਲ ਸਟੋਰ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਮੈਡੀਕਲ ਸਟੋਰ ਵਾਲੇ ਨਸ਼ੀਲੀਆਂ ਦਵਾਈਆਂ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਅਜਿਹਾ ਕਰੇਗਾ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਲਾਕੇ 'ਚ ਨਸ਼ਿਆਂ ਦੇ ਸੌਦਾਗਰਾਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਾਂ ਹੀ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਕਿ ਉਸ ਨੂੰ ਕਾਬੂ ਕਰਕੇ ਸਲਾਖ਼ਾਂ ਅੰਦਰ ਡੱਕਿਆ ਜਾ ਸਕੇ।