ਕੁਦਰਤੀ ਜਲ ਸਰੋਤਾਂ ਦੀ ਭਾਲ 'ਚ ਜੁਟੀ ਸਰਕਾਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 16 2019 19:10
Reading time: 1 min, 42 secs

ਪਾਣੀ ਦੇ ਸੰਕਟ ਨੂੰ ਵੇਖਦਿਆਂ ਸੂਬਾ ਪੰਜਾਬ ਸਰਕਾਰ ਵੱਲੋਂ ਜੰਗੀ ਪੱਧਰ 'ਤੇ ਪਾਣੀ ਨੂੰ ਬਚਾਉਣ ਅਤੇ ਪਾਣੀ ਦੇ ਸਰੋਤਾਂ ਦੀ ਭਾਲ ਲਈ ਕਾਰਵਾਈ ਅਰੰਭੀ ਗਈ ਹੈ। ਇਸਦੇ ਨਾਲ ਪਾਣੀ ਦੇ ਹੇਠਾਂ ਜਾਂਦੇ ਪੱਧਰ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਣਗੇ ਤਾਂ ਜੋ ਕੁਦਰਤੀ ਜਲ ਸਰੋਤਾਂ ਦੀ ਸਾਂਭ ਸੰਭਾਲ ਕਰਕੇ ਪਾਣੀ ਨੂੰ ਬਚਾਉਣ ਲਈ ਅਰੰਭੇ ਗਏ ਇਸ ਮਿਸ਼ਨ ਨੂੰ ਪੁਰਾ ਕੀਤਾ ਜਾ ਸਕੇ। ਇੱਥੇ ਸੂਬਾ ਸਰਕਾਰਾਂ 'ਤੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖ਼ਰ ਪਹਿਲਾਂ ਸਰਕਾਰਾਂ ਨੇ ਸੂਬੇ ਦੇ ਕੁਦਰਤੀ ਜਲ ਸਰੋਤਾਂ ਦੀ ਆਖ਼ਰ ਸਾਂਭ ਸੰਭਾਲ ਲਈ ਕਿਉਂ ਕੋਈ ਕਦਮ ਨਹੀਂ ਚੁੱਕੇ ? ਪੰਜਾਬ ਸਰਕਾਰ ਵੱਲੋਂ ਸੂਬੇ ਵਿਚਲੇ ਕੁਦਰਤੀ ਜਲ ਸਰੋਤਾਂ (ਵੈਟਲੈਂਡ) ਦੀ ਸੰਭਾਲ ਅਤੇ ਪ੍ਰਬੰਧਨ ਲਈ ਜ਼ਿਲ੍ਹਾ ਪੱਧਰ 'ਤੇ ਸਥਾਪਤ ਜ਼ਿਲ੍ਹਾ ਪੱਧਰੀ ਵੈਟਲੈਂਡ ਪ੍ਰਬੰਧਨ ਕਮੇਟੀ ਦੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹੇ ਦੀਆਂ ਜਲਗਾਹਾਂ (ਵੈਟਲੈਂਡ) ਦੀ ਭਾਲ ਕਰਕੇ ਉਨ੍ਹਾਂ ਦੀ ਸੰਭਾਲ ਕਰਨ ਲਈ ਜੰਗੀ ਪੱਧਰ 'ਤੇ ਮਸ਼ਕਾਂ ਅਰੰਭਣ ਵਾਸਤੇ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਕੁਦਰਤੀ ਜਲਗਾਹਾਂ ਦੇ ਏਕੀਕ੍ਰਿਤ ਪ੍ਰਬੰਧਨ ਲਈ ਸਰਬਉੱਚ ਸੰਸਥਾ "ਪੰਜਾਬ ਰਾਜ ਵੈਟਲੈਂਡਜ਼ ਅਥਾਰਿਟੀ" ਦਾ ਗਠਨ ਕੀਤਾ ਹੈ, ਜੋ ਜ਼ਿਲ੍ਹਾ ਪੱਧਰ 'ਤੇ ਜਲਗਾਹਾਂ ਦੇ ਸਫ਼ਲ ਪ੍ਰਬੰਧਨ ਲਈ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਅਤੇ ਤਾਲਮੇਲ ਨਾਲ ਕੰਮ ਕਰਨ ਤੋਂ ਇਲਾਵਾ ਹੋਰਨਾਂ ਰਾਜਾਂ ਦੇ ਸਬੰਧਿਤ ਐਕਟ ਮੁਤਾਬਿਕ 6 ਮਹੀਨੇ ਦੇ ਅੰਦਰ-ਅੰਦਰ ਨੋਟੀਫ਼ਾਈਡ ਕੀਤੀਆਂ ਜਾਣ ਵਾਲੀਆਂ ਜਲਗਾਹਾਂ ਦੀ ਸੂਚੀ ਤਿਆਰ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਅਥਾਰਿਟੀ ਤਹਿਤ ਜ਼ਿਲ੍ਹਾ ਪੱਧਰੀ ਵੈਟਲੈਂਡ ਪ੍ਰਬੰਧਕ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ਕਮੇਟੀਆਂ ਵਿੱਚ ਡਿਪਟੀ ਕਮਿਸ਼ਨਰ ਨੂੰ ਚੇਅਰਮੈਨ, ਡਿਪਟੀ ਡਾਇਰੈਕਟਰ ਮੱਛੀ ਪਾਲਣ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਐਕਸੀਅਨ ਸਿੰਜਾਈ (ਡਰੇਨੇਜ), ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਤੇ ਕਮੇਟੀ ਵੱਲੋਂ ਨਾਮਜ਼ਦ ਇੱਕ ਮੁਕਾਮੀ ਮਾਹਿਰ ਨੂੰ ਬਤੌਰ ਮੈਂਬਰ ਅਤੇ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਬਤੌਰ ਕਨਵੀਨਰ/ਮੈਂਬਰ ਸਕੱਤਰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਇਸ ਕਮੇਟੀ ਦਾ ਗਠਨ ਹੋ ਚੁੱਕਾ ਹੈ ਅਤੇ ਕੁਦਰਤੀ ਜਲਗਾਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਬਲਾਕਾਂ ਦੇ ਬੀ.ਡੀ.ਪੀ.ਓਜ਼ ਨੂੰ ਪਾਬੰਦ ਕੀਤਾ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਆਪਣੇ-ਆਪਣੇ ਅਧਿਕਾਰ-ਖੇਤਰ ਅਧੀਨ ਜਲਗਾਹਾਂ ਦੀ ਨਿਸ਼ਾਨਦੇਹੀ ਕਰਨ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਰਿਪੋਰਟ ਪੇਸ਼ ਕਰਨ।