ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਮੀਂਹ ਕਾਰਨ ਬਰਬਾਦ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ !!!

Last Updated: Jul 16 2019 18:15
Reading time: 0 mins, 49 secs

ਪਿਛਲੇ ਦੋ ਦਿਨਾਂ ਤੋਂ ਫਿਰੋਜ਼ਪੁਰ ਵਿਖੇ ਪੈ ਰਹੇ ਭਾਰੀ ਮੀਂਹ ਦੇ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਬਰਬਾਦ ਹੋ ਚੁੱਕੀ ਹੈ। ਦੱਸ ਦਈਏ ਕਿ ਜ਼ਿਆਦਾ ਨੁਕਸਾਨ ਦਰਿਆਵਾਂ ਦੇ ਨਾਲ-ਨਾਲ ਸਰਹੱਦੀ ਪਿੰਡਾਂ ਦੇ ਵਿੱਚ ਹੋਇਆ ਹੈ। ਮੱਖੂ, ਜ਼ੀਰਾ, ਮੱਲਾਂਵਾਲਾ, ਮਮਦੋਟ ਆਦਿ ਕਸਬਿਆਂ ਦੇ ਵਿੱਚ ਝੋਨੇ ਦੀ ਫਸਲ, ਸਬਜ਼ੀਆਂ ਅਤੇ ਹਰਾ ਚਾਰਾ ਪੂਰੀ ਤਰ੍ਹਾਂ ਨਾਲ ਮੀਂਹ ਦੇ ਪਾਣੀ ਨਾਲ ਭਰ ਚੁੱਕਾ ਹੈ ਅਤੇ ਪਾਣੀ ਖੇਤਾਂ ਵਿੱਚ ਜ਼ਿਆਦਾ ਖੜ੍ਹਾ ਹੋਣ ਦੇ ਕਾਰਨ ਫਸਲਾਂ ਬਰਬਾਦ ਹੋ ਰਹੀਆਂ ਹਨ। ਜਿਸਦੇ ਕਾਰਨ ਕਿਸਾਨ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਨਜ਼ਰੀ ਆ ਰਹੇ ਹਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਅਤੇ ਪ੍ਰੈਸ ਸਕੱਤਰ ਸੁਖਵੰਤ ਸਿੰਘ ਲੋਹਕਾਂ ਨੇ ਦੱਸਿਆ ਕਿ ਭਾਰੀ ਮੀਂਹ ਪੈਣ ਦੇ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਚੁੱਕੀਆਂ ਹਨ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਰਬਾਦ ਹੋਈਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕੀਤੀ ਜਾਵੇ ਅਤੇ ਚਾਲੀ ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਰਜ਼ੇ ਹੇਠਾਂ ਦੱਬੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।