ਲੋਕਾਂ ਦੀ ਸੁਰੱਖਿਆ ਨੂੰ ਦਾਅ ਤੇ ਲਾ ਕੇ ਕੀਤਾ ਜਾ ਰਿਹਾ ਬਠਿੰਡਾ ਏਮਜ਼ ਦਾ ਨਿਰਮਾਣ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 16 2019 17:46
Reading time: 1 min, 24 secs

ਬਠਿੰਡਾ ਵਿਖੇ ਏਮਜ਼ ਵਰਗੇ ਵੱਕਾਰੀ ਸੰਸਥਾਨ ਦੇ ਆਉਣ ਨਾਲ ਪੂਰੇ ਮਾਲਵੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਸਿਹਤ ਸਹੂਲਤਾਂ ਪੱਖੋਂ ਪਿਛੜੇ ਹੋਏ ਮਾਲਵੇ ਲਈ ਬਠਿੰਡਾ ਏਮਜ਼ ਇੱਕ ਵਰਦਾਨ ਸਾਬਿਤ ਹੋਵੇਗਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਕੰਮ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਉਨ੍ਹਾਂ ਦੀ ਇਸ ਕੰਮ ਲਈ ਸ਼ਲਾਘਾ ਕਰਨੀ ਵੀ ਬਣਦੀ ਹੈ। ਕੇਂਦਰੀ ਮੰਤਰੀ ਨੇ ਬੀਤੇ ਦਿਨ ਹੀ ਨਿਰਮਾਣ ਅਧੀਨ ਏਮਜ਼ ਵਿਖੇ ਪਹੁੰਚ ਕੇ ਉੱਥੇ ਹੋ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਇੱਕ ਸਤੰਬਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾ ਕੇ ਓਪੀਡੀ ਸੇਵਾ ਸ਼ੁਰੂ ਕਰਵਾਉਣ ਦੀ ਗੱਲ ਵੀ ਕਹੀ ਪਰ ਕੇਂਦਰੀ ਮੰਤਰੀ ਉੱਥੇ ਪਹੁੰਚ ਕੇ ਇੱਕ ਗੱਲ ਨੂੰ ਅਣਦੇਖਿਆ ਕਰ ਗਏ ਕਿ ਏਮਜ਼ ਬਠਿੰਡਾ ਦਾ ਨਿਰਮਾਣ ਲੋਕਾਂ ਦੀ ਸੁਰੱਖਿਆ ਨੂੰ ਦਾਅ ਤੇ ਲਾ ਕੇ ਕੀਤਾ ਜਾ ਰਿਹਾ ਹੈ।

ਏਮਜ਼ ਬਠਿੰਡਾ ਦੇ ਨਿਰਮਾਣ ਲਈ ਜੋ ਇੱਟਾਂ ਵਰਤੀਆਂ ਜਾ ਰਹੀਆਂ ਹਨ ਉਹ ਬਹੁਤ ਹੀ ਨਿੱਚਲੇ ਪੱਧਰ ਦੀਆ ਇੱਟਾਂ ਹਨ ਜਿਨ੍ਹਾਂ ਨੂੰ ਪਿੱਲੀਆਂ ਇੱਟਾਂ ਕਿਹਾ ਜਾਂਦਾ ਹੈ। ਇਨ੍ਹਾਂ ਪਿੱਲੀਆਂ ਇੱਟਾਂ ਨਾਲ ਉਸਾਰੀ ਜਾ ਰਹੀ ਏਮਜ਼ ਦੀ ਬਿਲਡਿੰਗ ਦਾ ਪੱਧਰ ਕਿੰਨਾ ਕੁ ਉੱਚਾ ਤੇ ਮਜ਼ਬੂਤ ਹੋਵੇਗਾ ਇਸਦਾ ਅੰਦਾਜ਼ਾ ਤੁਸੀਂ ਆਪ ਹੀ ਲਗਾ ਸਕਦੇ ਹੋ। ਕਾਫੀ ਦਿਨ ਪਹਿਲਾਂ ਏਮਜ਼ ਦੀ ਸੁਰੱਖਿਆ ਲਈ ਕੰਮ ਕਰਦੇ ਸੁਰੱਖਿਆ ਗਾਰਡਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਸੀ ਪਰ ਇਸਦੀ ਸੁਣਵਾਈ ਨਹੀਂ ਹੋ ਸਕੀ। ਪਿੱਲੀਆਂ ਇੱਟਾਂ ਵਾਲੀ ਬਿਲਡਿੰਗ ਵਿੱਚ ਮਰੀਜ਼ ਅਤੇ ਡਾਕਟਰੀ ਅਮਲਾ ਕਿੰਨਾ ਕੁ ਸੁਰੱਖਿਅਤ ਰਹਿ ਸਕਦਾ ਹੈ ਇਸਦਾ ਵੀ ਅੰਦਾਜ਼ਾ ਅਸੀਂ ਭਲੀਭਾਂਤ ਲਗਾ ਸਕਦੇ ਹਾਂ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਿੰਨੀ ਦਿਲਚਸਪੀ ਏਮਜ਼ ਬਠਿੰਡਾ ਦੇ ਸ਼ੁਰੂ ਕਰਵਾਉਣ 'ਚ ਲੈ ਰਹੇ ਹਨ ਓਨੀ ਹੀ ਦਿਲਚਸਪੀ ਉਨ੍ਹਾਂ ਨੂੰ ਏਮਜ਼ ਦੀ ਉਸਾਰੀ ਵਿੱਚ ਵੀ ਲੈਣੀ ਚਾਹੀਦੀ ਹੈ। ਕਿਉਂਕਿ ਉਨ੍ਹਾਂ ਨੇ ਜੋ ਸਹੂਲਤ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਉੱਚਾ ਚੁੱਕਣ ਲਈ ਲੈ ਕੇ ਆਉਂਦੀ ਹੈ ਉਸ ਵਿੱਚ ਕੋਤਾਹੀ ਦੀ ਗੁੰਜਾਇਸ਼ ਨਹੀਂ ਹੈ।