ਨਿਗਮ ਕਮਿਸ਼ਨਰ ਨੇ ਖ਼ੁਦ ਸ਼ਹਿਰ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕੂੜੇ ਦੀ ਸਮੱਸਿਆ ਸਬੰਧੀ ਜਾਗਰੂਕ ਕੀਤਾ

Last Updated: Jul 16 2019 17:47
Reading time: 0 mins, 55 secs

'ਤੰਦਰੁਸਤ ਮਿਸ਼ਨ ਪੰਜਾਬ' ਅਤੇ 'ਸਵੱਛ ਭਾਰਤ ਮਿਸ਼ਨ' ਤਹਿਤ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਬਖ਼ਤਾਵਰ ਸਿੰਘ ਵੱਲੋਂ ਫਗਵਾੜਾ ਵਾਸੀਆਂ ਦੀ ਚੰਗੀ ਸਿਹਤ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਘਰਾਂ ਵਿੱਚ ਡੋਰ-ਟੂ-ਡੋਰ ਸੈਗਰੀਗੇਸ਼ਨ ਤਹਿਤ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨਗਰ ਨਿਗਮ ਫਗਵਾੜਾ ਦੇ ਜ਼ੋਨ ਨੰਬਰ 3 ਦੇ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਆਪ ਨਿਜੀ ਤੌਰ 'ਤੇ ਸ਼ਹਿਰ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕੂੜੇ ਦੀ ਸਮੱਸਿਆ ਸਬੰਧੀ ਜਾਗਰੂਕ ਕੀਤਾ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਕੂੜਾ-ਮੁਕਤ ਕਰਨ ਅਤੇ ਵਾਤਾਵਰਨ ਦੀ ਸੰਭਾਲ ਲਈ ਕੂੜੇ ਨੂੰ ਘੱਟ ਤੋਂ ਘੱਟ ਜਨਰੇਟ ਕੀਤਾ ਜਾਵੇ ਅਤੇ ਘਰਾਂ ਵਿੱਚ ਖ਼ਾਸ ਕਰਕੇ ਰਸੋਈ ਵਿੱਚੋਂ ਪੈਦਾ ਹੋਣ ਵਾਲੇ ਕੂੜੇ ਨੂੰ ਵੱਖਰਾ-ਵੱਖਰਾ ਕਰਕੇ ਰੱਖਿਆ ਜਾਵੇ ਤਾਂ ਜੋ ਕਿਚਨ ਵੇਸਟ ਨੂੰ ਰੀਯੂਜ਼ ਕਰਕੇ ਖਾਦ ਦੇ ਤੌਰ 'ਤੇ ਵਰਤੋਂ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਖਾਲੀ ਪਲਾਟਾਂ ਵਿੱਚ ਕੂੜਾ ਨਾ ਸੁੱਟਿਆ ਜਾਵੇ, ਤਾਂ ਜੋ ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਚੀਫ਼ ਸੈਨੇਟਰੀ ਇੰਸਪੈਕਟਰ ਗੁਰਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਰਮਨ ਕੁਮਾਰ ਤੇ ਅਜਮੇਰ ਸਿੰਘ, ਮੈਂਬਰ ਸਾਹਿਬਾਨ ਤੇ ਸਫ਼ਾਈ ਸੇਵਕ ਹਾਜ਼ਰ ਸਨ।