ਪਟਿਆਲਾ ਤੇ ਮੰਡਰਾਉਣ ਲੱਗੇ ਹੜ੍ਹ ਦੇ ਖ਼ਤਰੇ ਦੇ ਬੱਦਲ!!

Last Updated: Jul 16 2019 15:50
Reading time: 1 min, 9 secs

ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਦਰਿਆ ਅਤੇ ਬਰਸਾਤੀ ਨਾਲੇ ਨੱਕੋ ਨੱਕ ਭਰਕੇ ਵਗ ਰਹੇ ਹਨ। ਜਿਸਦੇ ਚਲਦਿਆਂ ਇਸ ਵੇਲੇ ਘੱਗਰ ਦਰਿਆ ਵਿੱਚ ਵੀ ਠਾਠਾਂ ਮਾਰਦਾ ਪਾਣੀ ਵਗ ਰਿਹਾ ਹੈ। ਪਟਿਆਲ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨੇ ਤੇ ਅੱਪੜ ਗਿਆ ਹੈ।

ਪਟਿਆਲਾ ਦੇ ਦਰਜਨਾਂ ਹੀ ਪਿੰਡ ਪਹਿਲਾਂ ਹੀ ਘੱਗਰ ਦਰਿਆ ਦੀ ਮਾਰ ਹੇਠ ਹਨ ਅਤੇ ਜੇਕਰ ਇਸੇ ਤਰ੍ਹਾਂ ਹੀ ਮੀਂਹ ਜਾਰੀ ਰਿਹਾ ਤਾਂ ਸੈਂਕੜੇ ਹੀ ਹੋਰ ਪਿੰਡ ਵੀ ਪਾਣੀ ਦੀ ਮਾਰ ਹੇਠ ਆ ਸਕਦੇ ਹਨ। ਪਿੰਡਾਂ ਵਿੱਚ ਤਾਂ ਪਾਣੀ ਪਹਿਲਾਂ ਹੀ ਭਰ ਚੁੱਕਾ ਹੈ, ਜਿਸਦੇ ਚਲਦਿਆਂ ਹੜ੍ਹ ਦਾ ਸਹਿਮ ਪਟਿਆਲਾ ਵਿੱਚ ਵੀ ਪੂਰੀ ਤਰ੍ਹਾਂ ਬਣਿਆ ਹੋਇਆ ਹੈ।

ਡਰ ਅਤੇ ਸਹਿਮ ਦਾ ਸ਼ਿਕਾਰ ਲੋਕ ਪਾਣੀ ਦਾ ਲੈਵਲ ਚੈੱਕ ਕਰਨ ਲਈ ਵਾਰ ਵਾਰ ਵੱਡੀ ਨਦੀ ਦੇ ਗੇੜੇ ਮਾਰ ਰਹੇ ਹਨ ਤਾਂ ਜੋ ਨਿਰਾ ਪੁਰਾ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਲਾਸਿਆਂ ਦੇ ਸਹਾਰੇ ਹੀ ਨਾ ਰਹਿ ਜਾਣ। ਲੋਕ ਪੂਰੀ ਤਰ੍ਹਾਂ ਨਾਲ ਡਰੇ ਅਤੇ ਸਹਿਮੇ ਹੋਏ ਹਨ ਦੂਜੇ ਪਾਸੇ ਏ.ਡੀ.ਸੀ. ਸ਼ੌਕਤ ਅਲੀ ਲੋਕਾਂ ਨੂੰ ਦਿਲਾਸੇ ਦੇ ਰਹਿ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹੈ।

ਕਾਬਿਲ-ਏ-ਗੌਰ ਹੈ ਕਿ ਦਿਲਾਸੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ 15 ਅਗਸਤ, 1993 ਨੂੰ ਵੀ ਬੜੇ ਦਿੱਤੇ ਸਨ ਤੇ ਲੋਕਾਂ ਨੇ ਉਨ੍ਹਾਂ ਦਿਲਾਸਿਆਂ ਤੇ ਭਰੋਸਾ ਵੀ ਕੀਤਾ ਸੀ। ਉਸ ਦੇ ਬਾਅਦ ਹਸ਼ਰ ਕੀ ਹੋਇਆ, ਉਹ ਤਾਂ ਉਹੀ ਲੋਕ ਬਿਆਨ ਕਰ ਸਕਦੇ ਹਨ, ਜਿਨ੍ਹਾਂ ਨੇ ਉਨ੍ਹਾਂ ਹੜ੍ਹਾਂ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਸੀ।