ਕੁਸੁਮ ਅਗਰਵਾਲ ਖੁਦਕੁਸ਼ੀ ਮਾਮਲਾ, ਸਾਥੀ ਵਿਦਿਆਰਥਣ ਕਾਬੂ

Last Updated: Jul 16 2019 13:05
Reading time: 1 min, 15 secs

ਨਰਸਿੰਗ ਕਾਲਜ ਦੀ ਵਿਦਿਆਰਥਣ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ 'ਚ ਜੀ.ਆਰ.ਪੀ ਪੁਲਿਸ ਪੰਜਾਬ ਨੇ ਇੱਕ ਵਿਦਿਆਰਥਣ ਨੂੰ ਕਾਬੂ ਕਰ ਲਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ ਦੀਆਂ ਕਈ ਪਰਤੇ ਦੇ ਖੁਲਣ ਦਾ ਅਨੁਮਾਨ ਵੀ ਲਾਇਆ ਜਾ ਰਿਹਾ ਹੈ, ਇਸ ਮਾਮਲੇ 'ਚ ਕਾਲਜ ਹੋਸਟਲ ਦੇ ਇੰਚਾਰਜ ਅਤੇ ਦੋ ਹੋਰਾਂ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਕਾਰਵਾਈ ਕਰ ਰਹੀ ਹੈ।

ਇੱਥੇ ਜ਼ਿਕਰਯੋਗ ਹੈ ਕਿ 18 ਜੂਨ ਨੂੰ ਸ਼੍ਰੀਗੰਗਾਨਗਰ ਦੇ ਸੂਰਤਗੜ੍ਹ ਰੋਡ ਤੇ ਸਥਿਤ ਨਿਰਵਾਨ ਟਰਸਟ ਵੱਲੋਂ ਚਲਾਏ ਜਾ ਰਹੇ ਐਸ.ਐਨ ਕਾਲਜ ਆਫ਼ ਨਰਸਿੰਗ 'ਚ ਆਰ.ਐਸ.ਐਲ.ਡੀ.ਸੀ ਦੀ ਵਿਦਿਆਰਥਣ ਕੁਸੁਮ ਅਗਰਵਾਲ ਨੇ ਬਠਿੰਡਾ ਤੋਂ ਵਾਪਸ ਸ਼੍ਰੀਗੰਗਾਨਗਰ ਜਾਂਦੇ ਸਮੇਂ ਅਬੋਹਰ ਦੇ ਨੇੜੇ ਪਿੰਡ ਕਿੱਲਿਆ ਵਾਲੀ ਕੋਲ ਰੇਲ ਗੱਡੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਇਸ ਖੁਦਕੁਸ਼ੀ ਲਈ ਹੋਸਟਲ ਦੇ ਇੰਚਾਰਜ ਗੌਰਵ ਸੇਠੀ ਸਣੇ ਕੁਝ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਦੱਸਿਆ ਸੀ ਅਤੇ ਆਪਣਾ ਸੁਸਾਈਡ ਨੋਟ ਆਪਣੇ ਬੈਗ 'ਚ ਰੱਖਿਆ ਸੀ ਅਤੇ ਮੋਬਾਇਲ ਰਾਹੀ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਸੀ।

ਮਾਮਲਾ ਪੰਜਾਬ ਖੇਤਰ ਅਧੀਨ ਹੋਣ ਕਰਕੇ ਇਸ ਮਾਮਲੇ ਦੀ ਜਾਂਚ ਅਬੋਹਰ ਜੀ.ਆਰ.ਪੀ ਪੁਲਿਸ ਹਵਾਲੇ ਆਈ ਤਾਂ ਇਸਨੂੰ ਲੈ ਕੇ ਪੁਲਿਸ 'ਤੇ ਵੀ ਕਈ ਤਰ੍ਹਾਂ ਦੇ ਦੋਸ਼ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਵੱਲੋਂ ਲਾਏ ਗਏ ਅਤੇ ਪੁਲਿਸ ਥਾਣੇ ਅੱਗੇ ਰੋਸ ਪ੍ਰਦਰਸ਼ਨ ਵੀ ਕੀਤੀ ਗਿਆ। ਪੁਲਿਸ ਨੇ ਮੁਕਦਮਾ ਦਰਜ ਕਰਕੇ ਕਾਰਵਾਈ ਅਰੰਭੀ ਅਤੇ ਹੁਣ ਪੁਲਿਸ ਨੇ ਮ੍ਰਿਤਕਾਂ ਦੇ ਨਾਲ ਪੜ੍ਹਦੀ ਇੱਕ ਵਿਦਿਆਰਥਣ ਮਨਪ੍ਰੀਤ ਕੌਰ ਵਾਸੀ ਸਦੁਲਸ਼ਹਿਰ ਰਾਜਸਥਾਨ ਨੂੰ ਕਾਬੂ ਕਰ ਲਿਆ ਹੈ ਅਤੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਉਸਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।