ਟਰੈਫ਼ਿਕ ਪੁਲਿਸ ਨੂੰ ਨੱਥ, ਰਾਹਗੀਰਾਂ ਨੂੰ ਰਾਹਤ (ਵਿਅੰਗ)

Last Updated: Jul 16 2019 12:56
Reading time: 1 min, 59 secs

ਭਾਵੇਂ ਕਿ ਕਿਸੇ ਵੀ ਦੇਸ਼ ਅਤੇ ਸੂਬੇ ਦੀ ਪੁਲਿਸ ਦਾ ਅਸਲ ਡਿਊਟੀ, ਉੱਥੋਂ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਅਤੇ ਆਮ ਜਨਤਾ ਨੂੰ ਸੜਕ ਹਾਦਸਿਆਂ ਤੋਂ ਬਚਾਉਣ ਲਈ ਮਹੌਲ ਸਿਰਜਣਾ ਹੁੰਦਾ ਹੈ ਪਰ ਸਾਡੇ ਦੇਸ਼, ਖ਼ਾਸ ਕਰਕੇ ਸੂਬੇ ਦੀ ਟਰੈਫ਼ਿਕ ਪੁਲਿਸ ਦਾ ਮਕਸਦ ਮਹਿਜ਼ ਚਲਾਨ ਕੱਟਣ ਤੱਕ ਹੀ ਸੀਮਿਤ ਰਹੀ ਗਿਆ ਹੈ।

ਹਾਲਤਾਂ ਇੱਥੋਂ ਤੱਕ ਵੀ ਬਦਤਰ ਹੋ ਚੁੱਕੇ ਹਨ ਕਿ, ਟਰੈਫ਼ਿਕ ਪੁਲਿਸ ਵਾਲਿਆਂ ਦੀ ਨਜ਼ਰ ਟਰੈਫ਼ਿਕ ਵੱਲ ਘੱਟ ਤੇ ਵਾਹਨਾਂ ਚਾਲਕਾਂ ਅਤੇ ਉਨ੍ਹਾਂ ਦੀਆਂ ਨੰਬਰ ਪਲੇਟਾਂ ਤੇ ਵੱਧ ਟਿਕੀ ਰਹਿੰਦੀ ਹੈ। ਇਨ੍ਹਾਂ ਦੀ ਨਜ਼ਰ ਵਿੱਚ ਸਭ ਤੋਂ ਵੱਡੇ ਗੁਨਾਹਗਾਰ ਦੋ ਪਹੀਆ ਵਾਹਨ ਜਾਂ ਫਿਰ ਛੋਟੀਆਂ ਗੱਡੀਆਂ ਦੇ ਚਾਲਕ ਹੀ ਹੁੰਦੇ ਹਨ।

ਦੋਸਤੋ, ਬੱਸਾਂ ਟਰੱਕਾਂ ਅਤੇ ਲਗਜ਼ਰੀ ਗੱਡੀਆਂ ਨੂੰ ਛੱਡ, ਇਹ ਲੋਕ ਦੋ ਪਹੀਆ ਵਾਹਨਾਂ ਜਾਂ ਨਿੱਕੀਆਂ ਗੱਡੀਆਂ ਦੇ ਚਾਲਕਾਂ ਨੂੰ ਕਚੀਚੀਆਂ ਲੈ ਲੈ ਪੈਂਦੇ ਹਨ। ਵਾਹਨਾਂ ਦੀਆਂ ਚਾਬੀਆਂ ਕੱਢ ਲੈਣਾ ਜਾਂ ਉਨ੍ਹਾਂ ਨਾਲ ਧੱਕਾ ਮੁੱਕੀ ਕਰਨਾ ਤਾਂ ਜਿਵੇਂ ਟਰੈਫ਼ਿਕ ਪੁਲਿਸ ਵਾਲਿਆਂ ਦੀ ਫ਼ਿਤਰਤ ਜਿਹੀ ਹੋਕੇ ਰਹਿ ਗਈ ਹੈ। ਅਜਿਹਾ ਵੀ ਨਹੀਂ ਹੈ, ਸਾਰੇ ਟਰੈਫ਼ਿਕ ਪੁਲਿਸ ਵਾਲੇ ਇਸੇ ਫ਼ਿਤਰਤ ਦੇ ਹੀ ਮਾਲਕ ਹੁੰਦੇ ਹਨ ਪਰ, ਬਾਵਜੂਦ ਇਸ ਦੇ ਬਹੁ ਗਿਣਤੀ ਟਰੈਫ਼ਿਕ ਪੁਲਿਸ ਵਾਲਿਆਂ ਦਾ ਧਿਆਨ ਚਲਾਨ ਕੱਟਣ ਜਾਂ ਚਲਾਨਾਂ ਦੇ ਡਰਾਵੇ ਦੇ ਕੇ ਆਪਣੀਆਂ ਜੇਬਾਂ ਗਰਮ ਕਰਨ ਵੱਲ ਹੀ ਹੁੰਦਾ ਹੈ।

ਦੋਸਤੋ, ਸ਼ਾਇਦ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਅਜਿਹੀਆਂ ਹੀ ਸ਼ਿਕਾਇਤਾਂ ਮਿਲਣ ਦੇ ਬਾਅਦ ਐਡੀਸ਼ਨਲ ਡਾਇਰੈਕਟਰ ਆਫ਼ ਪੁਲਿਸ ਨੇ ਆਪਣੇ ਹੇਠ ਕੰਮ ਕਰਨ ਵਾਲੇ ਟਰੈਫ਼ਿਕ ਵਿੰਗ ਨੂੰ ਸਪਸ਼ਟ ਅਤੇ ਸਖ਼ਤ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ, ਉਹ ਭਵਿੱਖ ਵਿੱਚ ਆਮ ਰਾਹਗੀਰਾਂ ਨੂੰ ਤੰਗ ਪਰੇਸ਼ਾਨ ਕਰਨ ਨੂੰ ਛੱਡ, ਕੇਵਲ ਅਤੇ ਕੇਵਲ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵੱਲ ਹੀ ਧਿਆਨ ਦੇਣ।

ਦੋਸਤੋ, ਏ. ਡੀ. ਜੀ. ਪੀ. ਟਰੈਫ਼ਿਕ ਵੱਲੋਂ ਜਾਰੀ ਹੁਕਮਾਂ ਦੇ ਬਾਅਦ ਹੁਣ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਅੰਦਰ ਅਤੇ ਬਾਹਰ ਲੱਗੇ ਪੁਲਿਸ ਨਾਕਿਆਂ 'ਤੇ ਹੁਣ ਕਿਸੇ ਨੂੰ ਵੀ ਰਾਹਗੀਰ ਜਾਂ ਵਾਹਨ ਚਾਲਕ ਨੂੰ ਉਸ ਵੇਲੇ ਤੱਕ ਰੋਕ ਕੇ ਚੈੱਕ ਨਹੀਂ ਕੀਤਾ ਜਾ ਸਕੇਗਾ ਜਦੋਂ ਤੱਕ ਕਿ, ਉਨ੍ਹਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਜਾਂ ਸੀ. ਪੀ. ਓ. ਦਾ ਹੁਕਮ ਨਹੀਂ ਹੋਵੇਗਾ।

ਦੋਸਤੋ, ਅਕਸਰ ਹੀ ਵੇਖਿਆ ਗਿਆ ਹੈ ਕਿ, ਕਈ ਵਾਰ ਪੁਲਿਸ ਦਾ ਸਾਰਾ ਧਿਆਨ ਚਲਾਨ ਕੱਟਣ ਵੱਲ ਹੁੰਦਾ ਹੈ, ਜਿਹੜਾ ਕਿ ਵੱਡੇ ਸੜਕ ਹਾਦਸੇ ਵਾਪਰ ਜਾਣ ਦਾ ਕਾਰਨ ਵੀ ਬਣ ਜਾਂਦਾ ਹੈ। ਹੁਣ ਉੱਚ ਪੁਲਿਸ ਅਧਿਕਾਰੀਆਂ ਨੇ ਤਾਂ ਸਖ਼ਤ ਹੁਕਮ ਜਾਰੀ ਕਰਕੇ ਟਰੈਫ਼ਿਕ ਪੁਲਿਸ ਵਾਲਿਆਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਦਿੱਤੀ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ, ਨੱਥ ਪੈਣ ਨਾਲ ਆਮ ਰਾਹਗੀਰਾਂ ਅਤੇ ਛੋਟੇ ਵਾਹਨ ਚਾਲਕਾਂ ਨੂੰ ਕਿੰਨੀ ਕੁ ਰਾਹਤ ਮਿਲਦੀ ਹੈ, ਮਿਲਦੀ ਵੀ ਹੈ ਜਾਂ ਨਹੀਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।