ਕੀ, ਸੈਮੀਨਾਰਾਂ ਤੇ ਰੈਲੀਆਂ ਨਾਲ ਹੋ ਜਾਵੇਗਾ ਪੰਜਾਬ ਨਸ਼ਾ ਮੁਕਤ? (ਵਿਅੰਗ)

Last Updated: Jul 16 2019 12:07
Reading time: 1 min, 44 secs

ਪੂਰੇ ਦਸ ਸਾਲ ਤੱਕ ਅਕਾਲੀਆਂ ਨੇ ਵੀ ਜੋਰ ਲਗਾ ਲਿਆ, ਢਾਈ ਸਾਲਾਂ ਤੋਂ ਕਾਂਗਰਸੀ ਵੀ ਜੋਰ ਅਜ਼ਮਾਈ ਕਰ ਰਹੇ ਹਨ, ਬਥੇਰੀਆਂ ਸਪੈਸ਼ਲ ਟਾਸਕ ਫੋਰਸਾਂ ਬਣਾ ਲਈਆਂ, ਤੂੜੀ ਵਾਂਗ ਸੂਬੇ ਦੀਆਂ ਜੇਲ੍ਹਾਂ ਭਰ ਭਰ ਕੇ ਵੇਖ ਲਈਆਂ ਪਰ, ਪੰਜਾਬ ਫਿਰ ਵੀ ਨਸ਼ਾ ਮੁਕਤ ਨਹੀਂ ਹੋਇਆ।

ਸਿਸਟਮ ਤੋਂ ਅੱਕੇ ਤੇ ਥੱਕੇ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ 'ਚ ਤਕਰੀਬਨ ਪਿਛਲੇ ਦੋ ਦਹਾਕਿਆਂ ਤੋਂ ਸਮੈਕ ਅਤੇ ਚਿੱਟੇ ਦੇ ਨਾਲ ਗੋਲੀਆਂ ਤੇ ਟੀਕਿਆਂ ਦਾ ਕਾਰੋਬਾਰ ਨਾ ਕੇਵਲ ਚੱਲ ਹੀ ਰਿਹਾ ਹੈ ਬਲਕਿ ਪੂਰੀ ਸਪੀਡ ਤੇ ਦੌੜ ਵੀ ਰਿਹਾ ਹੈ। 3456. 22 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੋਈ ਘੱਟ ਨਹੀਂ ਹੁੰਦੇ, ਜਿਹੜੇ ਕਿ ਕੇਵਲ ਲੋਕ ਸਭਾ ਚੋਣਾਂ ਦੇ ਦੌਰਾਨ ਲੱਗੇ ਜ਼ਾਬਤੇ ਦੇ ਦੌਰਾਨ ਹੀ ਬਰਾਮਦ ਕੀਤੇ ਗਏ ਹਨ।

ਦੋਸਤੋ, ਜ਼ਾਹਿਰ ਹੀ ਹੈ ਕਿ ਸਾਰੇ ਨਸ਼ੇ ਤਾਂ ਫੜੇ ਨਹੀਂ ਗਏ ਹੋਣਗੇ। ਜਰਾ ਸੋਚੋ, ਜੇਕਰ ਫੜੇ ਗਏ ਨਸ਼ੇ ਇੰਨੀ ਕੀਮਤ ਦੇ ਹਨ ਤਾਂ ਜਿਹੜੇ ਨਸ਼ੇ ਪੁਲਿਸ ਤੇ ਹੋਰਨਾਂ ਸੁਰੱਖਿਆ ਏਜੰਸੀਆਂ 'ਚੋਂ ਨਿਕਲ ਗਏ ਉਨ੍ਹਾਂ ਦੀ ਕੀਮਤ ਕਿੰਨੀ ਰਹੀ ਹੋਵੇਗੀ। ਭਾਵੇਂਕਿ ਕਿ ਇਹ ਗਿਣਤੀ ਮਿਣਤੀ ਅਤੇ ਅੰਕੜੇ ਪੂਰੇ ਦੇਸ਼ ਭਰ ਦੇ ਹਨ, ਪਰ ਇਸਦਾ ਇੱਕ ਬੜਾ ਵੱਡਾ ਹਿੱਸਾ ਪੰਜਾਬ ਦੇ ਹਿੱਸੇ ਆਇਆ ਹੈ, ਉੜਤੇ ਪੰਜਾਬ ਦੇ ਹਿੱਸੇ।

ਦੋਸਤੋਂ, ਬਿਨਾਂ ਸ਼ੱਕ ਹੁਣ ਤੱਕ ਪੰਜਾਬ 'ਚ ਹਜ਼ਾਰਾਂ ਹੀ ਨੌਜਵਾਨ ਨਸ਼ਿਆਂ ਨੇ ਨਿਗਲ ਲਏ ਹਨ। ਸੂਬੇ ਦਾ ਸ਼ਾਇਦ ਹੀ ਕੋਈ ਪਿੰਡ, ਕਸਬਾ ਜਾਂ ਸ਼ਹਿਰ ਹੋਵੇਗਾ ਜਿੱਥੇ ਘਰਾਂ ਵਿੱਚ ਸੱਥਰ ਵਿਛਣ ਦਾ ਕਾਰਨ, ਨਸ਼ੇ ਨਹੀਂ ਬਣੇ ਹੋਣਗੇ। ਪਿਛਲੇ ਚੰਦ ਕੁ ਸਾਲਾਂ ਵਿੱਚ ਹਜ਼ਾਰਾਂ ਹੀ ਬੱਚੇ ਯਤੀਮ ਹੋ ਚੁੱਕੇ ਹਨ, ਹਜ਼ਾਰਾਂ ਹੀ ਔਰਤਾਂ ਦੇ ਸੁਹਾਗ ਉੱਜੜ ਚੁੱਕੇ ਹਨ, ਹਜ਼ਾਰਾਂ ਹੀ ਬੁੱਢੇ ਮਾਪੇ ਪੁੱਤਰਾਂ ਬਾਜੋਂ ਅੱਜ ਬੇਸਹਾਰਾ ਹੋ ਗਏ ਹਨ।

ਦੋਸਤੋਂ, ਇਸ ਤ੍ਰਾਸਦੀ ਦੇ ਬਾਵਜੂਦ ਵੀ ਸਾਡੇ ਸੂਬੇ ਦੇ ਲੀਡਰ ਝੂਠੀਆਂ ਸੌਹਾਂ ਖ਼ਾਕੇ ਵੋਟਾਂ ਬਟੋਰਨ ਤੇ ਲੱਗੇ ਹੋਏ ਹਨ। ਉਹ ਇਸ ਸਭ ਲਈ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਫਿਰ ਰਹੇ ਹਨ। ਨਸ਼ੇ ਦੇ ਕਾਰੋਬਾਰ 'ਚ ਲੱਗੇ ਕਈ ਘਰਾਣੇ ਕਰੋੜਾਂ-ਅਰਬਪਤੀ ਬਣ ਗਏ, ਪੁਲਿਸ ਦੀ ਦਾਗੀ ਅਫ਼ਸਰਸ਼ਾਹੀ ਵੀ ਵਗਦੀ ਗੰਗਾ ਵਿੱਚ ਰਗੜ ਰਗੜ ਕੇ ਹੱਥ ਧੋਂਦੀ ਹੋਈ ਨਜ਼ਰ ਆ ਰਹੀ ਹੈ। ਗੱਲ ਕਰੀਏ ਜੇਕਰ ਸਮੇਂ ਦੀਆਂ ਸਰਕਾਰਾਂ ਦੀ ਤਾਂ ਉਹ ਅੱਜ ਵੀ ਗਲੀਆਂ ਬਜ਼ਾਰਾਂ ਵਿੱਚ ਸੈਮੀਨਾਰ ਤੇ ਰੈਲੀਆਂ ਕੱਢਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਮਸ਼ਰੂਫ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।