ਕਾਂਗਰਸੀਆਂ ਦੇ ਵਿਕਾਸ ਦੇ ਦਾਅਵੇ ਖੋਖਲੇ, ਬਟਾਲਾ ਬਣਿਆ ਨਰਕ: ਸਾਬਕਾ ਚੇਅਰਮੈਨ ਵਾਹਲਾ

Last Updated: Jul 16 2019 12:29
Reading time: 1 min, 33 secs

ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਸੂਗਰਫੈਡ ਪੰਜਾਬ ਸੁਖਬੀਰ ਸਿੰਘ ਵਾਹਲਾ ਨੇ ਬਟਾਲਾ ਦੀ ਦਿਨ ਬ ਦਿਨ ਤਰਸਯੋਗ ਬਣਦੀ ਜਾ ਰਹੀ ਹਾਲਤ ਤੇ ਦੁਖ ਅਤੇ ਚਿੰਤਾ ਪ੍ਰਗਟਾਈ ਹੈ। ਵਾਹਲਾ ਨੇ ਕਿਹਾ ਹੈ ਕਿ ਕਾਂਗਰਸੀਆਂ ਦੇ ਬਟਾਲਾ ਦਾ ਵਿਕਾਸ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਅੱਜ ਦੀ ਹਾਲਾਤ ਇਹ ਹੈ ਕਿ ਬਟਾਲਾ ਨਰਕ ਬਣ ਚੁੱਕਾ ਹੈ ਤੇ ਇਸ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਵਾਹਲਾ ਨੇ ਕਿਹਾ ਕਿ ਸ਼ਾਇਦ ਹੀ ਕੋਈ ਸੜਕ ਸਬੂਤੀ ਹੋਵੇਗੀ ਨਹੀਂ ਤਾਂ ਹਰ ਸੜਕ ਵਿੱਚ ਵੱਡੇ-ਵੱਡੇ ਤੇ ਡੂੰਘੇ ਟੋਏ ਪਏ ਹੋਏ ਹਨ ਜੋ ਦੁਰਘਟਨਾਵਾਂ ਦਾ ਸਬੱਬ ਬਣ ਰਹੇ ਹਨ ਪਰ ਕਿਸੇ ਵੀ ਲੀਡਰ ਜਾਂ ਪ੍ਰਸਾਸਨਿਕ ਅਧਿਕਾਰੀ ਦਾ ਧਿਆਨ ਇਸ ਪਾਸੇ ਨਹੀਂ ਜਾ ਰਿਹਾ ਹੈ ਤੇ ਨਾ ਹੀ ਕੋਈ ਸੰਜੀਦਗੀ ਨਾਲ ਇਸ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਹੀ ਹੈ। 

ਸਾਬਕਾ ਚੇਅਰਮੈਨ ਨੇ ਕਿਹਾ ਕਿ ਮੀਡੀਆ ਰਾਹੀ ਵਿਕਾਸ ਦੇ ਦਾਅਵੇ ਤਾਂ ਬਥੇਰੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਤਾਂ ਸਭ ਦੇ ਸਾਹਮਣੇ ਹੈ ਜਿਸ ਨੂੰ ਕੋਈ ਝੁਠਲਾ ਨਹੀਂ ਸਕਦਾ। ਅਕਾਲੀ ਆਗੂ ਨੇ ਕਿਹਾ ਕਿ ਸੜਕਾਂ ਤੇ ਪਾਣੀ ਦੇ ਵੱਡੇ-ਵੱਡੇ ਛੱਪੜ ਲੱਗੇ ਹੋਏ ਹਨ, ਗੰਦਗੀ ਦੇ ਢੇਰ ਮੁਸਕ ਮਾਰ ਰਹੇ ਹਨ ਜਿੰਨ੍ਰਾ ਨੇ ਸਹਿਰ ਵਾਸੀਆਂ ਅਤੇ ਰਾਹਗੀਰਾਂ ਦਾ ਲੰਘਣਾ ਮੁਸਕਿਲ ਕੀਤਾ ਹੋਇਆ ਹੈ ਪਰ ਫੇਰ ਵੀ ਬੇਸ਼ਰਮ ਕਾਂਗਰਸੀ ਪਤਾ ਨਹੀਂ ਕਿਹੜੇ ਵਿਕਾਸ ਦੇ ਕੰਮਾਂ ਦੀ ਦੁਹਾਈ ਦੇ ਰਹੇ ਹਨ। ਇੱਕ ਦੋ ਸੜਕ ਨੁੰ ਬਣਾ ਲੈਣਾ ਕੋਈ ਵਿਕਾਸ ਨਹੀਂ ਹੁੰਦਾ ਤੇ ਸਰਕਾਰ ਦੇ ਢਾਈ ਸਾਲ ਬੀਤ ਜਾਣ ਦੇ ਬਾਅਦ ਵੀ ਜੇਕਰ ਸਹਿਰ ਵਾਸੀਆਂ ਲਈ ਕਾਂਗਰਸੀ ਕੁਝ ਨਹੀਂ ਕਰ ਸਕੇ ਤੇ ਅਗਾਂਹ ਵੀ ਤੁਹਾਡੇ ਤੋਂ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ। ਵਾਹਲਾ ਨੇ ਕਿਹਾ ਕਿ ਅਜਿਹੇ ਕਾਂਗਰਸੀ ਜੋ ਸ਼ਹਿਰ ਦੇ ਵਿਕਾਸ ਤੇ ਕਰੋੜਾ ਰੁਪਈਆ ਖਰਚ ਕਰਨ ਦੇ ਵੱਡੇ-ਵੱਡੇ ਬਿਆਨ ਮੀਡੀਆ ਵਿੱਚ ਦੇ ਦੇ ਰਹੇ ਹਨ ਨੂੰ ਸਹਿਰ ਵਿਚਲੀਆਂ ਸੜਕਾਂ ਵਿੱਚ ਪਏ ਟੋਇਆਂ ਵਿੱਚ ਹੀ ਨੱਕ ਡੋਬ ਲੈਣਾ ਚਾਹੀਦਾ ਹੈ। ਸਾਬਕਾ ਚੇਅਰਮੈਨ ਨੇ ਕਿਹਾ ਕਿ ਜੇਕਰ ਜਲਦੀ ਹੀ ਸੜਕਾਂ ਵਿਚਲੇ ਟੋਏ ਨਾ ਪੂਰੇ ਗਏ ਅਤੇ ਗੰਦਗੀ ਦੇ ਢੇਰਾਂ ਦਾ ਹੱਲ ਨਾ ਹੋਇਆ ਤਾਂ ਅਕਾਲੀ ਦਲ ਵਲੋਂ ਸੰਘਰਸ਼ ਵਿੱਢਿਆ ਜਾਵੇਗਾ।