ਵੱਡੀ ਕਾਰ ਦੀ ਮੰਗ ਨਹੀ ਹੋਈ ਪੂਰੀ , ਲਾੜੇ ਦੇ ਪਿਉ ਨੇ ਬਰਾਤ ਲਿਆਉਣ ਤੋ ਕਰ ਦਿਤਾ ਇਨਕਾਰ !( ਨਿਊਜਨੰਬਰ ਖਾਸ ਖਬਰ )

Last Updated: Jul 16 2019 11:56
Reading time: 2 mins, 0 secs

ਦਾਜ ਦੇ ਲਾਲਚੀਆਂ ਨੇ ਐਨ ਮੌਕੇ 'ਤੇ ਬਰਾਤ ਨਾ ਲਿਜਾ ਕੇ ਇੱਕ ਵਾਰ ਫਿਰ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਲਈ ਜੀਵਨ ਸਾਥਣ ਨਹੀਂ ਸਗੋ ਉਸਦੇ ਰੂਪ 'ਚ ਮਿਲਣ ਵਾਲੇ ਦਾਜ ਦੀ ਵੱਧ ਲੋੜ ਹੈ, ਜੀ ਹਾਂ ਲੜਕੇ ਵਾਲਿਆ ਨੇ ਵਿਆਹ ਦੀ ਮਿਥੀ ਤਾਰੀਖ 'ਤੇ ਬਰਾਤ ਲੈਕੇ ਆਉਣ ਲਈ ਸਿਰਫ ਇਸ ਕਰਕੇ ਇਨਕਾਰ ਕਰ ਦਿਤਾ ਕਿ ਉਨ੍ਹਾਂ ਵੱਲੋਂ "ਵੱਡੀ ਗੱਡੀ" ਦੀ ਕੀਤੀ ਗਈ ਮੰਗ ਨੂੰ ਲੜਕੀ ਦਾ ਪਿਉ ਮੌਕੇ 'ਤੇ ਪੁਰਾ ਨਹੀਂ ਕਰ ਸਕਿਆ। ਦਾਜ ਦੇ ਲਾਲਚੀਆਂ ਦੇ ਕਈ ਮਾਮਲੇ ਵੇਖਣ ਨੂੰ ਮਿਲਦੇ ਹਨ ਅਤੇ ਇਨ੍ਹਾਂ ਨੂੰ ਸ਼ਰਮਸ਼ਾਰ ਕੀਤਾ ਜਾਂਦਾ ਹੈ,  ਜੇਲ ਵਿੱਚ ਡੱਕਿਆ ਜਾਂਦਾ ਹੈ ਪਰ ਬਾਵਜੂਦ ਇਸਦੇ ਇਨ੍ਹਾਂ ਲਾਲਚੀਆਂ ਨੂੰ ਨਾ ਹੀ ਸਮਾਜ ਤੋ ਅਤੇ ਨਾ ਹੀ ਪੁਲਿਸ ਕਾਰਵਾਈ ਤੋ ਡਰ ਲਗਦਾ ਹੈ। ਦਾਜ ਕਰਕੇ ਬਾਰਾਤ ਬੂਹੇ ਨਹੀ ਚੜ੍ਹੀ ਦਾ ਇਹ ਤਾਜ਼ਾ ਮਾਮਲਾ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਗਿੱਦੜਾਂਵਾਲੀ ਦਾ ਹੈ ਅਤੇ ਬਰਾਤ ਜਿਲੇ ਦੇ ਹੀ ਜਲਾਲਾਬਾਦ ਦੇ ਦਸ਼ਮੇਸ਼ ਨਗਰ ਤੋ ਆਉਣੀ ਸੀ। ਇਸ ਮਾਮਲੇ 'ਚ ਜਿਲ੍ਹੇ ਦੇ ਪਿੰਡ ਗਿੱਦੜਾਂਵਾਲੀ ਵਾਸੀ ਇੱਕ ਵਿਅਕਤੀ ਦੀ ਸ਼ਿਕਾਇਤ 'ਤੇ ਥਾਣਾ ਖੂਈਆਂ ਸਰਵਰ ਪੁਲਿਸ ਨੇ ਦਾਜ ਵਿੱਚ ਕਾਰ ਨਾ ਮਿਲਣ 'ਤੇ ਬਰਾਤ ਲਿਜਾਉਣ ਤੋਂ ਇਨਕਾਰ ਕਰਨ ਵਾਲੇ ਵਿਅਕਤੀ ਖਿਲਾਫ ਅਧੀਨ ਧਾਰਾ 406, ਅਤੇ ਦਾਜ ਰੋਕੂ ਐਕਟ 1961 ਦੀ ਧਾਰਾ 4 ਦੇ ਤਹਿਮ ਮਾਮਲਾ ਦਰਜ ਕੀਤਾ ਹੈ। 

ਜਾਣਕਾਰੀ ਮੁਤਾਬਿਕ ਪਿੰਡ ਗਿੱਦੜਾਂਵਾਲੀ ਵਾਸੀ ਨਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਨੇ ਥਾਣਾ ਖੂਈਆਂ ਸਰਵਰ ਪੁਲਿਸ ਨੂੰ ਸ਼ਿਕਾਇਤ ਪੱਤਰ ਦਿੰਦੇ ਹੋਏ ਇਲਜਾਮ ਲਗਾਏ ਕਿ 21 ਅਪ੍ਰੈਲ 2019 ਨੂੰ ਉਸਦੀ ਧੀ ਸਿਮਰਨਜੀਤ ਕੌਰ ਦਾ ਵਿਆਹ ਪਰਮਪ੍ਰੀਤ ਸਿੰਘ ਪੁੱਤਰ ਰਾਜ ਸਿੰਘ ਵਾਸੀ ਦਸ਼ਮੇਸ਼ ਨਗਰ ਜਲਾਲਾਬਾਦ ਨਾਲ ਤੈਅ ਕੀਤਾ ਸੀ। ਉਨ੍ਹਾਂ ਵਿਆਹ 'ਚ ਵੱਡੀ ਕਾਰ ਦੇਣ ਦੀ ਮੰਗ ਕੀਤੀ, ਜਦ ਉਹ ਕਾਰ ਨਹੀਂ ਦੇ ਸਕਿਆ ਤਾਂ ਦਾਜ ਦੇ ਲਾਲਚੀਆਂ ਨੇ ਬਰਾਤ ਲਿਆਉਣ ਤੋਂ ਇਨਕਾਰ ਕਰ ਦਿੱਤਾ। ਉਸਨੇ ਇਸ ਸੰਬੰਧੀ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਉਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਪਰਮਪ੍ਰੀਤ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਬੇਸ਼ਕ ਲੜਕੀ ਵਾਲਿਆ ਨੂੰ ਲੋਕਾਂ ਦੀਆਂ ਸਵਾਲ ਕਰਦੀਆਂ ਨਜਰਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੋਵੇਗਾ ਪਰ ਇਥੇ ਲੜਕੀ ਵਾਲਿਆ ਨੂੰ ਖੁਸ਼ ਹੋਣਾ ਚਾਹਿਦਾ ਹੈ ਕਿ ਉਨ੍ਹਾਂ ਦੀ ਲੜਕੀ ਤੇ ਉਨ੍ਹਾਂ ਦੀ ਕਿਸਮਤ ਨੇ ਸਾਥ ਦਿਤਾ ਅਤੇ ਪ੍ਰਮਾਤਮਾ ਨੇ ਉਨ੍ਹਾਂ ਦੇ ਸਿਰ ਹਥ ਹੀ ਧਰਿਆ ਹੈ, ਜੇਕਰ ਅਜਿਹੇ ਦਾਜ ਦੇ ਲਾਲਚੀਆਂ ਘਰ ਉਨ੍ਹਾਂ ਦੀ ਬੇਟੀ ਪਹੁੰਚ ਜਾਂਦੀ ਤਾਂ ਪਤਾ ਨਹੀ ਉਨ੍ਹਾਂ ਨੇ "ਵੱਡੀ ਕਾਰ" ਨਾ ਮਿਲਣ ਦੇ ਗੁੱਸੇ 'ਚ ਉਨ੍ਹਾਂ ਦੀ ਲੜਕੀ ਨਾਲ ਕਿਸ ਤਰ੍ਹਾਂ ਦਾ ਸਲੂਕ, ਤਸੱਦਦ ਕਰਨੀ ਸੀ ਜੋ ਪਤਾ ਨਹੀ ਕਿਸ ਅਨਹੋਣੀ ਦੇ ਰੂਪ 'ਚ ਵੇਖੀ ਜਾ ਸਕਦੀ ਸੀ, ਇਸਲਈ ਲੜਕੀ ਪਰਿਵਾਰ ਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹਿਦਾ ਹੈ ਕਿ ਸਮੇ ਰਹਿੰਦੇ ਦਾਜ ਦੇ ਲਾਲਚੀਆਂ ਦਾ ਅਸਲੀ ਰੂਪ ਉਨ੍ਹਾਂ ਸਾਹਮਣੇ ਆ ਗਿਆ।