ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਟੀਮ ਬਣਾਕੇ ਕੰਮ ਕਰਨ ਸਮੂਹ ਵਿਭਾਗਾਂ ਦੇ ਅਧਿਕਾਰੀ-ਸਿੱਧੂ

Last Updated: Jul 16 2019 11:44
Reading time: 2 mins, 44 secs

ਲੋਕਾਂ ਦੇ ਮਸਲੇ ਅਤੇ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਮੂਹ ਵਿਭਾਗਾਂ ਦੇ ਅਧਿਕਾਰੀ ਇੱਕ ਟੀਮ ਬਣਾ ਕੇ ਕੰਮ ਕਰਨ ਤਾਂ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲੇ 'ਚ ਚੱਲ ਰਹੇ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਕਰਵਾਏ ਜਾ ਸਕਣ ਅਤੇ ਜਿਸ ਥਾਂ ਕੋਈ ਰੁਕਾਵਟ ਜਾਂ ਕਮੀ ਨਜ਼ਰ ਆਉਂਦੀ ਹੈ, ਉਸਨੂੰ ਤੁਰੰਤ ਦੂਰ ਕੀਤਾ ਜਾ ਸਕੇ। ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਿਲ੍ਹਾ ਪ੍ਰਬੰਧਕੀ ਕੰਪੈਲਕਸ 'ਚ ਵੱਖ-ਵੱਖ ਵਿਭਾਗਾਂ ਦੇ ਕਾਰਜ਼ਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸੰਬੰਧੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੀਤਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਜ਼ਿਲਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਰਸਾਤ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਕਿਹਾ ਕਿ ਡਰੇਨੇਜ਼ ਵਿਭਾਗ, ਨਗਰ ਨਿਗਮ ਅਤੇ ਗਮਾਡਾ ਸਾਂਝੇ ਤੌਰ ਤੇ ਚੋਆਂ ਦੀ ਸਫ਼ਾਈ ਕਰਵਾਉਣ ਤਾਂ ਕਿ ਬਰਸਾਤੀ ਪਾਣੀ ਦੀ ਨਿਕਾਸੀ 'ਚ ਕੋਈ ਸਮੱਸਿਆ ਨਾ ਆਵੇ ਅਤੇ ਜਿਸ ਕਿਸੇ ਥਾਂ ਸੀਵਰੇਜ ਬਲਾਕ ਹੋਣ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਸਨੂੰ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਵੱਖ-ਵੱਖ ਇਲਾਕਿਆਂ ਵਿੱਚ ਪੇਸ਼ ਆ ਰਹੀ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਨਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਤਾਂ ਕਿ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਨਾਲ ਹੀ ਲਾਂਡਰਾਂ ਚੌਕ ਚ ਭੀੜ ਘੱਟ ਕਰਨ ਲਈ ਤੁਰੰਤ ਮੌਕਾ ਦੇਖ ਕੇ ਮਸਲੇ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਜਦਕਿ ਆਟਾ-ਦਾਲ ਸਕੀਮ ਤਹਿਤ ਬਣਾਏ ਜਾ ਰਹੇ ਸਮਾਰਟ ਰਾਸ਼ਨ ਕਾਰਡਾਂ ਦੇ ਕਾਜ਼ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਹਦਾਇਤ ਕੀਤੀ ਕਿ ਇਸ ਕੰਮ ਨੂੰ ਜਲਦੀ ਨੇਪਰੇ ਚਾੜਨ ਲਈ ਪਿੰਡ ਪੱਧਰ ਤੇ ਪਟਵਾਰੀ, ਬੀਡੀਪੀਓ ਅਤੇ ਜਿਲ੍ਹਾ ਫੂਡ ਐਂਡ ਸਪਲਾਈ ਵਿਭਾਗ ਦੇ ਕਰਮਚਾਰੀ ਇੱਕੋਂ ਥਾਂ ਹਾਜ਼ਰ ਹੋ ਕੇ ਪਹਿਲ ਦੇ ਆਧਾਰ ਦੇ ਲੋਕਾਂ ਕੰਮ ਨੇਪਰੇ ਚਾੜਨ। ਜ਼ਿਲੇ 'ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਬਣਾਈ ਗਈ ਜਿਲ੍ਹਾ ਮਿਸ਼ਨ ਟੀਮ ਦੇ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੇ ਦੈਂਤ ਤੋਂ ਬਚਾਉਣ ਲਈ ਜਿਲ੍ਹਾ ਮਿਸ਼ਨ ਟੀਮ ਦੇ ਐਕਸ਼ਨ ਪਲਾਨ ਨੂੰ ਠੋਸ ਤਰੀਕੇ ਨਾਲ ਲਾਗੂ ਕੀਤਾ ਜਾਵੇ। ਕੈਬਨਿਟ ਮੰਤਰੀ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦਿੰਦਿਆਂ ਕਿਹਾ ਕਿ ਆਪਣੇ ਪਾਲਤੂ ਪਸ਼ੂ ਸ਼ਹਿਰ ਵਿੱਚ ਛੱਡਣ ਵਾਲਿਆਂ ਦੇ ਚਲਾਨ ਕੱਟੇ ਜਾਣ ਤਾਂ ਕਿ ਸੜਕਾਂ ਤੇ ਅਵਾਰਾ ਪਸ਼ੂ ਛੱਡਣ ਵਾਲੇ ਲੋਕ ਖੁਦ ਆਪਣੇ ਪਸ਼ੂ ਸੰਭਾਲਣ ਅਤੇ ਇਨ੍ਹਾਂ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਪਾਰਕਾਂ ਦੀ ਸਫ਼ਾਈ ਦੇ ਕੰਮ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਹਰੇਕ ਸੈਕਟਰ ਵਿੱਚ 2 ਜਾਂ 3 ਪਾਰਕ ਮਾਡਲ ਪਾਰਕ ਵਿਕਸਤ ਕੀਤੇ ਜਾਣ।

ਇਸਤੋਂ ਇਲਾਵਾ ਮੀਟਿੰਗ ਵਿੱਚ ਗਰੀਬ ਵਰਗ ਨੂੰ 5-5 ਮਰਲੇ ਦੇ ਪਲਾਟ ਦੇਣ, ਪੁਲਿਸ ਨਫਰੀ ਵਧਾਉਣ, ਰਾਤ ਨੂੰ ਪੁਲਿਸ ਦੇ ਵਿਸ਼ੇਸ਼ ਨਾਕੇ ਲਗਾਉਣ ਦੇ ਨਾਲ ਸੈਕਟਰ-82 ਦੇ ਸਨਅਤੀ ਖੇਤਰ 'ਚ ਸੁਰੱਖਿਆ ਅਤੇ ਸਟਰੀਟ ਲਾਈਟਾਂ ਦਾ ਪ੍ਰਬੰਧ, ਪਿੰਡ ਦਾਊਂ ਦੀ ਖਸਤਾ ਹਾਲ ਲਿੰਕ ਰੋਡ, ਪਾਣੀ ਦੀ ਨਿਕਾਸੀ, ਫਲਾਈ ਓਵਰ ਤੇ ਕੱਟ ਨਾ ਛੱਡੇ ਜਾਣ ਕਾਰਨ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਨਿਪਟਾਰਾ ਕਰਨ ਸੰਬੰਧੀ ਵਿਚਾਰ ਵਟਾਦਰਾ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਨੇ ਮੀਟਿੰਗ 'ਚ ਸ਼ਾਮਲ ਅਧਿਕਾਰੀਆਂ ਤੋਂ ਵੱਖ-ਵੱਖ ਮਾਮਲਿਆਂ ਸੰਬੰਧੀ ਸੁਝਾਅ ਲਏ ਅਤੇ ਮੋਹਤਬਰ ਵਿਅਕਤੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਅਸਿਸਟੈਂਟ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਨਗਰ ਨਿਗਮ ਕਮਿਸ਼ਨਰ ਭੁਪਿੰਦਰਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਯਸ਼ਪਾਲ ਸ਼ਰਮਾ, ਐਸਡੀਐਮ ਡੇਰਾਬੱਸੀ ਸ੍ਰੀਮਤੀ ਪੂਜਾ ਸਿਆਲ, ਐਸਡੀਐਮ ਜਗਦੀਪ ਸਹਿਗਲ, ਐਸਡੀਐਮ ਵਿਨੋਦ ਬਾਂਸਲ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ (ਡੀ.ਡੀ.ਪੀ.ਓ) ਡੀ. ਕੇ ਸਾਲਦੀ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।