ਬੇਰੁਜ਼ਗਾਰ ਹੈਲਥ ਵਰਕਰਾਂ ਨੇ ਭੇਜਿਆ ਸਿਹਤ ਮੰਤਰੀ ਦੇ ਨਾਂਅ 'ਤੇ ਖੇਡ ਮੰਤਰੀ ਨੂੰ ਮੰਗ ਪੱਤਰ

Last Updated: Jul 15 2019 17:00
Reading time: 1 min, 7 secs

ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਦੀ ਹਲਕਾ ਇਕਾਈ ਫ਼ਿਰੋਜ਼ਪੁਰ ਵੱਲੋਂ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੇ ਪੀ.ਏ.ਅਮ੍ਰਿਤਪਾਲ ਰਾਹੀਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਨਾਂਅ ਮੰਗ ਪੱਤਰ ਭੇਜ ਕੇ ਸਿਹਤ ਮਹਿਕਮੇ ਵਿੱਚ ਸਿਹਤ ਵਰਕਰ (ਮੇਲ) ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਭਰਨ ਦਾ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ। 

ਜਾਣਕਾਰੀ ਦਿੰਦੇ ਹੋਏ ਸੁਖਜੀਤ ਸਿੰਘ ਨੇ ਕਿਹਾ ਕਿ ਚੋਣਾਂ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹਾਲੇ ਤੱਕ ਸਰਕਾਰ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ, ਜਿਸ ਕਾਰਨ ਨੌਜਵਾਨ ਨਿਰਾਸ਼ ਹਨ। ਉਨ੍ਹਾਂ ਨੇ ਕਿਹਾ ਕਿ ਲੱਖਾਂ ਰੁਪਏ ਖ਼ਰਚ ਕੇ ਪੜ੍ਹਾਈਆਂ ਪੂਰੀਆਂ ਕਰਕੇ ਹਾਸਲ ਕੀਤੀਆਂ ਡਿਗਰੀਆਂ ਅੱਜ ਮਹਿਜ਼ ਕਾਗ਼ਜ਼ ਜਾਪਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸਿਹਤ ਵਿਭਾਗ ਪੰਜਾਬ ਵਿੱਚ ਵੱਡੀ ਪੱਧਰ 'ਤੇ ਅਸਾਮੀਆਂ ਖ਼ਾਲੀ ਹਨ। 

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਕਰੀਬ 3800 ਦੇ ਕਰੀਬ ਕੋਰਸ ਪਾਸ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਹਨ, ਦੂਜੇ ਪਾਸੇ ਸਰਕਾਰੀ ਹਸਪਤਾਲਾਂ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਵਾਲੇ ਸਿਹਤ ਵਰਕਰਾਂ ਦੀਆਂ ਵੱਡੀ ਪੱਧਰ 'ਤੇ ਅਸਾਮੀਆਂ ਖ਼ਾਲੀ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਕੋਰਸ ਪਾਸ ਕਰਕੇ ਬੇਰੁਜ਼ਗਾਰ ਫਿਰ ਰਹੇ ਉਮੀਦਵਾਰਾਂ ਨੂੰ ਸਿਹਤ ਮਹਿਕਮੇ ਵਿੱਚ ਰੁਜ਼ਗਾਰ ਦਿੱਤਾ ਜਾਵੇ। ਇਸ ਮੌਕੇ ਸੁਖਦੇਵ ਸਿੰਘ ਜਲਾਲਾਬਾਦ, ਸਵਰਨ ਸਿੰਘ, ਪੰਜਾ ਸਿੰਘ, ਅਮਨ ਕੁਮਾਰ ਗੁਰੂਹਰਸਹਾਏ ਆਦਿ ਹਾਜ਼ਰ ਸਨ।