ਗੁਰੂ ਅਤੇ ਚੇਲਾ ਖੇਡਣ ਲੱਗੇ ਅਸਤੀਫ਼ਾ-ਅਸਤੀਫ਼ਾ !!!

Last Updated: Jul 15 2019 13:43
Reading time: 2 mins, 52 secs

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੇ 2019 ਦੀਆਂ ਲੋਕਸਭਾ ਵਿੱਚ ਹੂੰਝਾਫੇਰ ਜਿੱਤ ਕੀ ਦਰਜ਼ ਕਰਵਾਈ ਕਾਂਗਰਸ ਤਾਂ ਸੁਸਰੀ ਵਾਂਗ ਹੀ ਸੌ ਗਈ ਦਿਖਾਈ ਦੇ ਰਹੀ ਹੈ। ਸਮੁੱਚੇ ਦੇਸ਼ ਵਿੱਚ ਹੋਈ ਸ਼ਰਮਨਾਕ ਹਾਰ ਦੇ ਕਾਰਣਾਂ ਦਾ ਤਾਂ ਕੀ ਪਤਾ ਲਗਾਉਣਾ ਸੀ ਪਾਰਟੀ ਦੀਆਂ ਆਪਸੀ ਤੰਦਾਂ ਇਸ ਕਦਰ ਉਲਝਣ ਲੱਗ ਪਈਆਂ ਹਨ ਕਿ ਲੱਗਦਾ ਨਹੀਂ ਹੈ ਕਿ ਥੋੜ੍ਹੇ ਕੀਤਿਆਂ ਹੁਣ ਕਾਂਗਰਸ ਮੁੜ ਜਲਦੀ ਹੀ ਆਪਣੇ ਪੈਰਾਂ ਤੇ ਖੜੀ ਹੋ ਜਾਵੇਗੀ। ਜਿਸ ਤਰ੍ਹਾਂ ਦਾ ਘਟਨਾਕ੍ਰਮ ਕਰਨਾਟਕ ਅਤੇ ਗੋਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਤਾਂ ਲੱਗਦਾ ਹੈ ਕਿ ਭਾਜਪਾ ਨੇ ਕਾਂਗਰਸ ਦਾ ਦੇਸ਼ ਵਿੱਚੋਂ ਸਫ਼ਾਇਆ ਕਰਨ ਦਾ ਤਹੱਈਆ ਹੀ ਕਰ ਰੱਖਿਆ ਹੈ। ਲੋਕਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਜਿੱਥੇ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਉਸ ਤਰਜ਼ ਤੇ ਹੀ ਰਾਹੁਲ ਦੇ ਚੇਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਪੰਜਾਬ ਮੰਤਰੀ ਮੰਡਲ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਜੇਕਰ ਵੇਖਿਆ ਜਾਵੇ ਤਾਂ ਰਾਹੁਲ ਗਾਂਧੀ ਦਾ ਅਸਤੀਫ਼ਾ ਵੀ ਅਜੇ ਤੱਕ ਪਾਰਟੀ ਨੇ ਪ੍ਰਵਾਨ ਨਹੀਂ ਕੀਤਾ ਹੈ ਤੇ ਸਿੱਧੂ ਦਾ ਅਸਤੀਫ਼ਾ ਜਿੱਥੇ ਪ੍ਰਵਾਨ ਹੋਣਾ ਸੀ ਉੱਥੇ ਗਿਆ ਹੀ ਨਹੀਂ। ਜਿਸ ਕਰਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਦੋਵੇਂ ਗੁਰੂ-ਚੇਲਾ ਪਾਰਟੀ ਨੂੰ ਗਿਣੀ ਮਿਤੀ ਰਣਨੀਤੀ ਤਹਿਤ ਹੀ ਅਜਿਹੀ ਅਸਤੀਫ਼ਾ-ਅਸਤੀਫ਼ਾ ਖੇਡ ਖੇਡ ਰਹੇ ਹਨ।

ਜੇਕਰ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਦਿੱਤਾ ਗਿਆ ਅਸਤੀਫ਼ਾ ਪ੍ਰਵਾਨ ਨਹੀਂ ਹੋ ਰਿਹਾ ਤੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰਾਂ ਵੱਲੋਂ ਰਾਹੁਲ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਬਜਾਇ ਉਸ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਅਸਤੀਫ਼ਾ ਵਾਪਸ ਲੈ ਲੈਣ। ਜਿਸ ਤੋਂ ਲੱਗਦਾ ਹੈ ਕਿ ਇਹ ਸਭ ਕੁਝ ਡਰਾਮਾ ਚੱਲ ਰਿਹਾ ਹੈ ਤੇ ਰਾਹੁਲ ਗਾਂਧੀ ਵੀ ਇਹੀ ਚਾਹੁੰਦੇ ਹਨ ਕਿ ਸਾਰੇ ਹੀ ਸੀਨੀਅਰ ਅਤੇ ਜੂਨੀਅਰ ਆਗੂ ਪਾਰਟੀ ਦੀ ਪੂਰੀ ਤਰ੍ਹਾਂ ਨਾਲ ਵਾਗਡੋਰ ਰਾਹੁਲ ਦੇ ਹਵਾਲੇ ਕਰ ਦੇਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸੰਗਠਨ ਵਿਚਲੇ ਰੱਦੋਬਦਲ ਦੇ ਫ਼ੈਸਲੇ ਦਾ ਕੋਈ ਵਿਰੋਧ ਨਾ ਕਰ ਸਕੇ ਕਿਉਂਕਿ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ ਪਿਛਲੇ ਸਮਿਆਂ ਵਿੱਚ ਕਈ ਸੀਨੀਅਰ ਆਗੂਆਂ ਨੇ ਰਾਹੁਲ ਦੀ ਧੌਣ ਦੇ ਗੋਡਾ ਰੱਖ ਕੇ ਆਪਣੀਆਂ ਸ਼ਰਤਾਂ ਮਨਵਾਈਆਂ ਸਨ ਤੇ ਲੋਕਸਭਾ ਚੋਣਾਂ ਵਿੱਚ ਵੀ ਰਾਹੁਲ ਤੇ ਦਬਾਅ ਦੀ ਰਾਜਨੀਤੀ ਕਰਦਿਆਂ ਹੀ ਆਪਣੇ ਮਨਪਸੰਦ ਦੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ। ਇਹ ਵੀ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ ਲੋਕਸਭਾ ਚੋਣਾਂ ਦੌਰਾਨ ਪੰਜਾਬ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ, ਛੱਤੀਸਗੜ੍ਹ ਅਤੇ ਹੋਰ ਵੀ ਕਈ ਰਾਜਾਂ ਵਿਚਲੇ ਸੀਨੀਅਰ ਪਾਰਟੀ ਆਗੂਆਂ ਨੇ ਰਾਹੁਲ ਦੀ ਕਮਾਨ ਹੇਠ ਕੰਮ ਕਰਨ ਦੀ ਬਜਾਇ ਖ਼ੁਦਮੁਖ਼ਤਿਆਰੀ ਨਾਲ ਕੰਮ ਕਰਨ ਨੂੰ ਹੀ ਆਪਣੀ ਰਣਨੀਤੀ ਬਣਾਇਆ ਸੀ ਤੇ ਜਿਸ ਕਰਕੇ ਟਿਕਟਾਂ ਦੀ ਵੰਡ ਮੌਕੇ ਵੀ ਰਾਹੁਲ ਗਾਂਧੀ ਭਾਵੇਂ ਕਿਸੇ ਹੋਰ ਨੂੰ ਟਿਕਟ ਦੇਣਾ ਚਾਹੁੰਦੇ ਸਨ ਪਰ ਦਬਾਅ ਦੀ ਰਾਜਨੀਤੀ ਕਰਦਿਆਂ ਹੀ ਰਾਹੁਲ ਗਾਂਧੀ ਦੇ ਫ਼ੈਸਲਿਆਂ ਨੂੰ ਬਦਲਿਆ ਗਿਆ ਦੱਸਿਆ ਗਿਆ ਸੀ।

ਭਾਵੇਂ ਕਿ ਉਸ ਮੌਕੇ ਰਾਹੁਲ ਗਾਂਧੀ ਅਜਿਹੇ ਲੀਡਰਾਂ ਅੱਗੇ ਝੁਕ ਗਏ ਸਨ ਜਾਂ ਉਨ੍ਹਾਂ ਨਾਲ ਸਹਿਮਤ ਹੋ ਗਏ ਸਨ ਪਰ ਪਾਰਟੀ ਦੀ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਸ਼ਾਇਦ ਹੁਣ ਰਾਹੁਲ ਨੇ ਵੀ ਆਪਣੀ ਰਣਨੀਤੀ ਬਦਲਣ ਵਿੱਚ ਹੀ ਭਲਾਈ ਸਮਝੀ ਹੈ ਤੇ ਹੁਣ ਪੁਰੀ ਤਰ੍ਹਾਂ ਕਮਾਨ ਸਾਂਭਣ ਲਈ ਹੀ ਅਸਤੀਫ਼ੇ ਦਾ ਖੇਡ ਖੇਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਸਿੱਧੂ ਵੱਲੋਂ ਰਾਹੁਲ ਗਾਂਧੀ ਨੂੰ ਭੇਜੇ ਗਏ ਆਪਣੇ ਮੰਤਰੀ ਪਦ ਦੇ ਅਸਤੀਫ਼ੇ ਤੋਂ ਵੀ ਸਪਸ਼ਟ ਦਿਖਾਈ ਦੇ ਰਹੀ ਹੈ ਕਿ ਸਿੱਧੂ ਵੀ ਦਬਾਅ ਦੀ ਰਾਜਨੀਤੀ ਕਰ ਰਹੇ ਹਨ ਕਿਉਂਕਿ ਮੰਤਰੀ ਮੰਡਲ ਵਿੱਚੋਂ ਅਸਤੀਫ਼ਾ ਜਾਂ ਤਾਂ ਮੁੱਖ ਮੰਤਰੀ ਨੂੰ ਭੇਜਿਆ ਜਾਂਦਾ ਹੈ ਤੇ ਜਾਂ ਫੇਰ ਗਵਰਨਰ ! ਹੁਣ ਵੇਖਣਾ ਇਹ ਹੈ ਕਿ ਰਾਹੁਲ ਅਤੇ ਸਿੱਧੂ ਦੀ ਇਹ ਦਬਾਅ ਦੀ ਨੀਤੀ ਕਿੰਨੀ ਕੁ ਕਾਰਗਰ ਸਿੱਧ ਹੁੰਦੀ ਹੈ ਤੇ ਕੀ ਰਾਹੁਲ ਮੁੜ ਪ੍ਰਧਾਨ ਬਣਨਗੇ ਤੇ ਸਿੱਧੂ ਆਪਣੀ ਸ਼ਾਖ਼ ਬਹਾਲ ਕਰਵਾਉਣ ਵਿੱਚ ਕਾਮਯਾਬ ਹੋ ਸਕਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।