ਹਰ ਤੀਸਰੇ ਦਿਨ ਹੋ ਰਹੀ ਚੋਰੀ, ਚੋਰਾਂ ਦੀ ਪੁਲਿਸ ਨੂੰ ਵੱਡੀ ਚੁਣੌਤੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 15 2019 12:59
Reading time: 1 min, 58 secs

ਚੋਰਾਂ ਦਾ ਆਤੰਕ ਸੂਬੇ 'ਚ ਸਿਰ ਚੜ੍ਹ ਬੋਲ ਰਿਹਾ ਹੈ। ਪੁਲਿਸ ਸੂਬੇ 'ਚ ਨਸ਼ਾ ਤਸਕਰਾਂ ਅਤੇ ਇਸ ਧੰਦੇ ਨਾਲ ਜੁੜੇ ਲੋਕਾਂ ਨੂੰ ਕਾਬੂ ਕਰਨ ਲਈ ਭੱਜ ਦੋੜ ਕਰ ਰਹੀ ਹੈ ਤਾਂ ਉੱਧਰ ਚੋਰਾਂ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਾ ਮੌਕਾ ਪੂਰਾ ਮਿਲਿਆ ਹੋਇਆ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਲੋਕ ਆਪਣਾ ਘਰ ਛੱਡ ਕੇ ਕੀਤੇ ਜਾਣ ਤੋਂ ਡਰ ਰਹੇ ਹਨ।

ਜ਼ਿਲ੍ਹੇ ਦੇ ਸ਼ਹਿਰ ਅਬੋਹਰ ਵਿਖੇ ਜੁਲਾਈ ਦੇ ਮਹੀਨੇ ਵਿੱਚ ਚੋਰਾਂ ਨੇ ਦਿਲ ਖੋਲ੍ਹ ਕੇ ਵੱਖ-ਵੱਖ ਘਰਾਂ ਵਿੱਚ ਚੋਰੀਆਂ ਕੀਤੀਆਂ ਹਨ ਅਤੇ ਪੁਲਿਸ ਦੀ ਸਥਿਤੀ ਫ਼ਿਲਹਾਲ ਤਾਂ ਧੂੜ ਵਿੱਚ ਟੱਟੂ ਭਜਾਉਣ ਵਾਲੀ ਹੋਈ ਪਈ ਹੈ। ਜੁਲਾਈ ਮਹੀਨੇ ਵਿੱਚ ਹੋਈਆਂ ਕਰੀਬ 5 ਚੋਰੀਆਂ ਦਾ ਪੁਲਿਸ ਅੱਜ ਤੱਕ ਕੋਈ ਸੁਰਾਗ ਨਹੀਂ ਲਗਾ ਪਾਈ, ਜਿਸ ਕਰਕੇ ਲੋਕ ਡਰ ਦੇ ਮਾਹੌਲ ਵਿੱਚ ਜੀਣ ਨੂੰ ਮਜਬੂਰ ਹਨ। ਲੋਕ ਆਪਣੇ ਆਪ ਨੂੰ ਮਹਿਫ਼ੂਜ਼ ਨਹੀਂ ਸਮਝਦੇ ਹੋਏ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ। ਪੁਲਿਸ ਪਿਛਲੀ ਚੋਰੀ ਦੀ ਤਫ਼ਤੀਸ਼ ਕਰਨ ਬੈਠਦੀ ਹੈ ਕਿ ਉਨ੍ਹਾਂ ਨੂੰ ਅਗਲੇ ਦਿਨ ਇੱਕ ਹੋਰ ਚੋਰੀ ਦੀ ਸੂਚਨਾ ਮਿਲ ਜਾਂਦੀ ਹੈ। ਲਗਾਤਾਰ ਹੋ ਰਹੀਆਂ ਚੋਰੀਆਂ ਦੇ ਸਿਲਸਿਲੇ ਵਿੱਚ ਚੋਰਾਂ ਨੇ ਲਾਈਨਪਾਰ ਖੇਤਰ ਸਿੱਧੂ ਨਗਰੀ ਵਿਖੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਚੋਰ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਨਗਰ ਥਾਣਾ ਨੰਬਰ 2 ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਅਧੀਨ ਧਾਰਾ 457, 380 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਮੁਤਾਬਿਕ ਜਤਿੰਦਰਪਾਲ ਪੁੱਤਰ ਅਸ਼ੋਕ ਸੱਚਦੇਵਾ ਵਾਸੀ ਗਲੀ ਨੰ: 6 ਸਿੱਧੂ ਨਗਰੀ ਨੇ ਥਾਣਾ ਸਿਟੀ-2 ਦੀ ਪੁਲਿਸ ਨੂੰ ਦੱਸਿਆ ਕਿ 12 ਜੁਲਾਈ 2019 ਨੂੰ ਉਹ ਅਤੇ ਉਸਦਾ ਪਰਿਵਾਰ ਆਪਣੇ ਘਰ ਸੁੱਤੇ ਸਨ। ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰ ਉਸਦੇ ਪਿਤਾ ਦੇ ਕਮਰੇ ਵਿੱਚ ਵੜੇ ਅਤੇ ਅਲਮਾਰੀ ਚੋਂ ਸੋਨੇ ਦੇ ਗਹਿਣੇ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸੇ ਮਹੀਨੇ ਵਿੱਚ ਅਜੀਮਗੜ ਵਿਖੇ ਵਸੀਕਾ ਨਵੀਸ ਸਵ: ਆਤਮਾ ਰਾਮ ਦੇ ਘਰ, ਦਸਮੇਸ਼ ਨਗਰ ਵਿਖੇ ਸੋਨੂੰ ਛਾਬੜਾ ਦੇ ਘਰ, ਜ਼ਿਲ੍ਹੇ ਦੇ ਪਿੰਡ ਗਿੱਦੜਾਂਵਾਲੀ ਵਿਖੇ ਰਮੇਸ਼ ਕੁਮਾਰ ਦੇ ਘਰ, ਰਾਜੀਵ ਨਗਰ ਵਿਖੇ ਸ਼ੰਕਰ ਦੇ ਘਰ ਚੋਰਾਂ ਨੇ ਹੱਲਾ ਬੋਲਿਆ ਜਿੱਥੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਚੋਰ ਰਫੂਚੱਕਰ ਹੋ ਗਏ। ਇਨ੍ਹਾਂ ਚੋਰੀਆਂ ਦਾ ਅੱਜ ਤੱਕ ਪੁਲਿਸ ਕੋਈ ਪਤਾ ਨਹੀਂ ਲਗਾ ਸਕੀ ਹੈ। ਇਸ ਤੋਂ ਪਹਿਲਾਂ ਵੀ ਜ਼ਿਲ੍ਹੇ 'ਚ ਕਈ ਚੋਰੀਆਂ ਹੋਈਆਂ ਹਨ ਪਰ ਚੋਰਾਂ ਤੱਕ ਪਹੁੰਚਣ 'ਚ ਪੁਲਿਸ ਕਾਮਯਾਬ ਨਹੀਂ ਹੋ ਸਕੀ ਹੈ। ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਇਸ ਕਰਕੇ ਵੀ ਵੇਖਿਆ ਜਾ ਰਿਹਾ ਹੈ ਕਿ ਪੁਲਿਸ ਨਸ਼ਿਆਂ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ 'ਚ ਵਿਅਸਤ ਹੈ ਤਾਂ ਚੋਰਾਂ ਵੱਲੋਂ ਇਸਦਾ ਫ਼ਾਇਦਾ ਚੁੱਕਿਆ ਜਾ ਰਿਹਾ ਹੈ।