ਪ੍ਰਵਾਸੀ ਨੌਜਵਾਨ ਨੇ ਮੁਟਿਆਰ ਨੂੰ ਇਕੱਲੀ ਦੇਖਕੇ ਦਿੱਤਾ ਜਬਰ-ਜਨਾਹ ਦੀ ਵਾਰਦਾਤ ਨੂੰ ਅੰਜ਼ਾਮ

Last Updated: Jul 14 2019 15:15
Reading time: 1 min, 56 secs

ਬੱਚਿਆਂ ਨੂੰ ਖਿਡਾਉਣ ਦੇ ਲਈ ਗੁਆਂਢ 'ਚ ਗਈ ਇੱਕ ਨੌਜਵਾਨ ਮੁਟਿਆਰ ਦੇ ਨਾਲ ਘਰ 'ਚ ਇਕੱਲੇ ਮੌਜੂਦ ਗੁਆਂਢੀ ਪ੍ਹਵਾਸੀ ਨੌਜਵਾਨ ਵੱਲੋਂ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਨਜ਼ਦੀਕੀ ਪਿੰਡ ਡਾਬਾ ਦੇ ਬਸੰਤ ਨਗਰ 'ਚ ਵਾਪਰੀ ਹੈ। ਵਾਰਦਾਤ ਦੇ ਬਾਦ ਪੀੜਤ ਲੜਕੀ ਨੇ ਘਟਨਾ ਸੰਬੰਧੀ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਅਤੇ ਬਾਦ 'ਚ ਪੁਲਿਸ ਥਾਣੇ ਪਹੁੰਚਕੇ ਸ਼ਿਕਾਇਤ ਦਰਜ ਕਰਵਾਈ ਗਈ। ਮਾਮਲੇ ਸੰਬੰਧੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਆਰੋਪੀ ਪ੍ਰਵਾਸੀ ਨੌਜਵਾਨ ਕਮਲੇਸ਼ ਸਾਹਨੀ ਵਾਸੀ ਬਸੰਤ ਨਗਰ, ਡਾਬਾ (ਜਿਲ੍ਹਾ ਲੁਧਿਆਣਾ) ਦੇ ਖਿਲਾਫ ਨੌਜਵਾਨ ਲੜਕੀ ਦੇ ਨਾਲ ਜਬਰਦਸਤੀ ਜਬਰ ਜਨਾਹ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਤਹਿਤ ਪਰਚਾ ਦਰਜ ਕਰਕੇ ਉਸਨੂੰ ਗਿਰਫਤਾਰ ਕਰ ਲਿਆ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਡਾਬਾ ਇਲਾਕੇ 'ਚ ਪੈਂਦੇ ਬਸੰਤ ਨਗਰ 'ਚ ਰਹਿਣ ਵਾਲੀ ਇੱਕ 19 ਸਾਲਾਂ ਦੀ ਨੌਜਵਾਨ ਲੜਕੀ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿੰਦੇ ਕਥਿਤ ਮੁਜ਼ਰਮ ਕਮਲੇਸ਼ ਸਾਹਨੀ ਦੇ ਘਰ ਉਸਦੇ ਬੱਚਿਆਂ ਨੂੰ ਖਿਡਾਉਣ ਚਲੇ ਜਾਂਦੀ ਸੀ। ਬੀਤੇ ਦਿਨ ਵੀ ਉਕਤ ਲੜਕੀ ਆਪਣੇ ਗੁਆਂਢੀ ਦੇ ਘਰ ਬੱਚਿਆਂ ਨੂੰ ਖਿਡਾਉਣ ਲਈ ਚਲੀ ਗਈ। ਜਦੋਂ ਪੀੜਤ ਲੜਕੀ ਘਰ 'ਚ ਕਮਲੇਸ਼ ਸਾਹਨੀ ਨੂੰ ਇਕੱਲਿਆਂ ਬੈਠਾ ਦੇਖਕੇ ਵਾਪਸ ਆਪਣੇ ਘਰ ਨੂੰ ਪਰਤਣ ਲੱਗੀ ਤਾਂ ਕਮਲੇਸ਼ ਸਾਹਨੀ ਉਸਨੂੰ ਬਾਂਹ ਤੋਂ ਫੜਕੇ ਕਮਰੇ ਅੰਦਰ ਖਿੱਚ ਕੇ ਲੈ ਗਿਆ। ਜਿਸਦੇ ਬਾਦ ਉਸਨੇ ਨੌਜਵਾਨ ਲੜਕੀ ਨੂੰ ਬੈਡ ਉੱਪਰ ਸੁੱਟਕੇ ਜਬਰਦਸਤੀ ਕਰਦੇ ਹੋਏ ਜਬਰ ਜਨਾਹ ਦੀ ਘਿਨੌਣੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਸ਼ਿਕਾਇਤਕਰਤਾ ਵੱਲੋਂ ਪੁਲਿਸ ਨੂੰ ਦੱਸੇ ਜਾਣ ਮੁਤਾਬਕ ਜਦੋਂ ਉਹ ਕਮਲੇਸ਼ ਸਾਹਨੀ ਦੇ ਸ਼ਿਕੰਜੇ ਚੋਂ ਬਚਕੇ ਵਾਪਸ ਆਪਣੇ ਘਰ ਨੂੰ ਜਾਣ ਲੱਗੀ ਤਾਂ ਉਕਤ ਮੁਜ਼ਰਮ ਨੇ ਘਟਨਾ ਸੰਬੰਧੀ ਕਿਸੇ ਨੂੰ ਕੁਝ ਨਾ ਦੱਸ਼ਣ ਨੂੰ ਕਹਿੰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਦੁਬਾਰਾ ਨੂੰ ਉਸਨੂੰ ਫੜਕੇ ਕਮਰੇ ਅੰਦਰ ਲੈ ਗਿਆ। ਜਿੱਥੇ ਆਰੋਪੀ ਨੇ ਦੁਬਾਰਾ ਜਬਰਦਸਤੀ ਕਰਦੇ ਹੋਏ ਉਸਦੇ ਨਾਲ ਬਲਾਤਕਾਰ ਕੀਤਾ। ਬਾਦ 'ਚ ਉਹ ਆਪਣੇ ਆਪ ਨੂੰ ਛੁਡਵਾ ਕੇ ਘਰ ਪਹੁੰਚੀ ਅਤੇ ਮਾਪਿਆਂ ਨੂੰ ਜਾਣਕਾਰੀ ਦਿੱਤੀ। ਇਸਦੇ ਬਾਦ ਪੁਲਿਸ ਥਾਣਾ ਡਾਬਾ 'ਚ ਕਮਲੇਸ਼ ਸਾਹਨੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ਦਰਜ ਕਰਕੇ ਕਮਲੇਸ਼ ਸਾਹਨੀ ਖਿਲਾਫ ਬਲਾਤਕਾਰ ਕਰਨ ਦੇ ਦੋਸ਼ 'ਚ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਲੜਕੀ ਦੇ ਬਿਆਨ ਦਰਜ ਕਰਨ ਉਪਰੰਤ ਮੁਜ਼ਰਮ ਕਮਲੇਸ਼ ਸਾਹਨੀ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਪੀੜਤਾ ਦਾ ਸਿਵਲ ਹਸਪਤਾਲ ਚੋਂ ਮੈਡੀਕਲ ਕਰਵਾਕੇ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਜ਼ਰਮ ਕਮਲੇਸ਼ ਸਾਹਨੀ ਨੂੰ ਗਿਰਫਤਾਰ ਕਰਕੇ ਉਸ ਪਾਸੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।