'ਨਾਬਾਰਡ' ਨੇ ਬਾਨੀ ਦਿਵਸ ਮੌਕੇ ਕਿਸਾਨਾਂ ਨੂੰ ਭਲਾਈ ਸਕੀਮਾਂ ਸਬੰਧੀ ਕੀਤਾ ਜਾਗਰੂਕ

Last Updated: Jul 12 2019 19:05
Reading time: 1 min, 25 secs

ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵੱਲੋਂ ਆਪਣੇ 38ਵੇਂ ਬਾਨੀ ਦਿਵਸ ਮੌਕੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਦੀ ਅਗਵਾਈ ਹੇਠ ਪਿੰਡ ਸੱਦੂਵਾਲ ਦੀ ਖੇਤੀਬਾੜੀ ਸਹਿਕਾਰੀ ਸੁਸਾਇਟੀ ਵਿਖੇ ਕਿਸਾਨਾਂ ਦੀਆਂ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਇੱਕ ਵਿਸ਼ਾਲ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਇਲਾਕੇ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਵੀ ਸ਼ਾਮਿਲ ਹੋਏ। ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਨੇ ਇਸ ਮੌਕੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਨਾਬਾਰਡ ਪੇਂਡੂ ਵਿਕਾਸ ਅਤੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਉਦੇਸ਼ ਨੂੰ ਲੈ ਕੇ 1982 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਉਸ ਉਦੇਸ਼ ਨੂੰ ਪੂਰਾ ਕਰਦਾ ਹੋਇਆ ਲੋਕਾਂ ਦੀਆਂ ਉਮੀਦਾਂ 'ਤੇ ਖ਼ਰਾ ਉਤਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਨਾਬਾਰਡ ਵੱਲੋਂ ਕਿਸਾਨਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਦਾ ਵੱਡੀ ਗਿਣਤੀ ਵਿੱਚ ਕਿਸਾਨ ਲਾਹਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਉਤਪਾਦਨ ਸੰਗਠਨ ਕਿਸਾਨਾਂ ਲਈ ਬੇਹੱਦ ਲਾਹੇਵੰਦ ਸਾਬਿਤ ਹੋ ਰਹੇ ਹਨ। ਸਾਰਡਸ ਦੇ ਬੁਲਾਰੇ ਸ੍ਰੀ ਕਰਨ ਸਿੰਘ ਨੇ ਇਸ ਮੌਕੇ ਨਾਬਾਰਡ ਵੱਲੋਂ ਕਿਸਾਨਾਂ ਦੇ ਉਤਪਾਦਾਂ ਦੇ ਮੰਡੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਸਮੇਂ ਦੀ ਲੋੜ ਦੱਸਦਿਆਂ ਇਸਦੀ ਸ਼ਲਾਘਾ ਕੀਤੀ। 'ਆਰ.ਸੇਟੀ' ਦੇ ਡਾਇਰੈਕਟਰ ਸ੍ਰੀ ਪਰਮਜੀਤ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ 'ਆਰ.ਸੇਟੀ' ਦੀਆਂ ਸਿਖਲਾਈ ਸਕੀਮਾਂ ਬਾਰੇ ਦੱਸਿਆ ਅਤੇ ਅਤੇ ਨਾਬਾਰਡ ਵੱਲੋਂ ਇਨ੍ਹਾਂ ਸਿਖਲਾਈ ਸਕੀਮਾਂ ਲਈ ਦਿੱਤੀ ਜਾ ਰਹੀ ਮਦਦ ਲਈ ਧੰਨਵਾਦ ਕੀਤਾ।

ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਸੀ.ਈ.ਓ ਜੋਗਾ ਸਿੰਘ ਅਟਵਾਲ ਨੇ ਔਰਤਾਂ ਦੇ ਸਰਵਪੱਖੀ ਵਿਕਾਸ ਲਈ ਨਾਬਾਰਡ ਵੱਲੋਂ ਸਵੈ-ਸਹਾਈ ਗਰੁੱਪਾਂ ਦੀ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ। ਵਿੱਤੀ ਸਾਖ਼ਰਤਾ ਸਲਾਹਕਾਰ ਗਗਨਦੀਪ ਅਤੇ ਮੈਡਮ ਸਾਖਸ਼ੀ ਸ਼ਰਮਾ ਨੇ ਨਾਬਾਰਡ ਵੱਲੋਂ ਚਲਾਏ ਜਾ ਰਹੇ ਵਿੱਤੀ ਸਾਖ਼ਰਤਾ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾਇਰੈਕਟਰ ਸਹਿਕਾਰੀ ਬੈਂਕ ਸਤਨਾਮ ਸਿੰਘ, ਪ੍ਰਧਾਨ ਸ. ਜਸਕਰਨ ਸਿੰਘ, ਬੀ.ਐਸ ਸੰਧਾ, ਪੰਜਾਬ ਗ੍ਰਾਮੀਣ ਬੈਂਕ ਦੇ ਮੈਨੇਜਰ ਜਸਵਿੰਦਰ ਸਿੰਘ ਡੌਲਾ, ਮੱਖਣ ਸਿੰਘ ਤੇ ਹੋਰ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।