ਸੀਵਰੇਜ ਬੋਰਡ ਦੇ ਦਫ਼ਤਰ 'ਚ ਹੰਗਾਮਾ, ਐਸ.ਡੀ.ਓ ਫੱਟੜ

Last Updated: Jul 12 2019 18:35
Reading time: 1 min, 32 secs

ਲਗਦਾ ਅਬੋਹਰ ਸ਼ਹਿਰ ਦੀ ਕਿਸਮਤ ਵਿੱਚ ਹੀ ਫ਼ਰਕ ਪੈ ਗਿਆ ਹੈ। ਅੱਜ 15 ਦਿਨਾਂ ਦੀ ਹੜਤਾਲ ਤੋਂ ਬਾਅਦ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਪਰ ਅੱਜ ਸੀਵਰੇਜ ਬੋਰਡ 'ਚ ਵਾਪਰੀ ਇੱਕ ਘਟਨਾ ਤੋਂ ਬਾਅਦ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੇ ਕੰਮ ਬੰਦ ਰੱਖਣ ਦੀ ਚਿਤਾਵਨੀ ਦੇ ਦਿੱਤੀ ਹੈ, ਜਿਸ ਨੂੰ ਵੇਖ ਕੇ ਲਗਦਾ ਹੈ ਕਿ ਹੁਣ ਸ਼ਹਿਰ ਦੇ ਲੋਕਾਂ ਨੂੰ ਪਹਿਲਾਂ ਹੀ ਬੁਰੀ ਤਰ੍ਹਾਂ ਚਰਮਰਾਈ ਸੀਵਰੇਜ ਵਿਵਸਥਾ ਨੂੰ ਹੋਰ ਬੁਰੇ ਹਾਲਾਤਾਂ 'ਚ ਵੇਖਣਾ ਹੋਵੇਗਾ।

ਜੇਕਰ ਪੂਰੇ ਮਾਮਲੇ ਬਾਰੇ ਤੁਹਾਨੂੰ ਦੱਸੀਏ ਤਾਂ ਅੱਜ ਅਬੋਹਰ ਦੇ ਸੀਵਰੇਜ ਬੋਰਡ ਦੇ ਐਸ.ਡੀ.ਓ ਹਰਸ਼ਰਨਜੀਤ ਸਿੰਘ ਨੇ ਸ਼ਹਿਰ ਦੇ ਇੱਕ ਟਰਾਂਸਪੋਰਟਰ ਚਰਨਜੀਤ ਸ਼ਰਮਾ 'ਤੇ ਇਲਜ਼ਾਮ ਲਾਇਆ ਕਿ ਉਕਤ ਟਰਾਂਸਪੋਰਟਰ ਆਪਣੇ ਦੋ ਸਾਥੀਆਂ ਨਾਲ ਉਸਦੇ ਦਫ਼ਤਰ ਆਇਆ ਅਤੇ ਉਸਦੇ ਨਾਲ ਗਾਲੀ ਗਲੋਚ ਕੀਤਾ ਅਤੇ ਵਿਰੋਧ ਕੀਤੇ ਜਾਣ 'ਤੇ ਉਸਦੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਫੱਟੜ ਕਰ ਦਿੱਤਾ। ਇਲਜ਼ਾਮ ਅਨੁਸਾਰ ਉਕਤ ਵਿਅਕਤੀ ਜਾਂਦੇ ਸਮੇਂ ਦਫ਼ਤਰ 'ਚ ਭੰਨਤੋੜ ਵੀ ਕਰਕੇ ਗਏ ਅਤੇ ਰਿਕਾਰਡ ਖਿਲਾਰ ਦਿੱਤਾ ਤੇ ਕੁਝ ਰਿਕਾਰਡ ਆਪਣੇ ਨਾਲ ਲੈ ਗਏ। ਐਸ.ਡੀ.ਓ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਹੈ ਅਤੇ ਸੀਵਰੇਜ ਬੋਰਡ ਦੇ ਕਰਮਚਾਰੀਆਂ ਨੇ ਸਾਫ਼ ਤੌਰ 'ਤੇ ਚਿਤਾਵਨੀ ਦਿੱਤੀ ਹੈ ਕਿ ਜਦ ਤੱਕ ਪੁਲਿਸ ਐਸ.ਡੀ.ਓ 'ਤੇ ਕਥਿਤ ਹਮਲਾ, ਰਿਕਾਰਡ ਖਿਲਾਰੇ ਜਾਣ ਅਤੇ ਰਿਕਾਰਡ ਲੈ ਕੇ ਜਾਣ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਤਦ ਤੱਕ ਉਹ ਆਪਣਾ ਕੰਮ ਬੰਦ ਰੱਖਣਗੇ।

ਉੱਧਰ ਅਬੋਹਰ ਦੀ ਸੁੰਦਰ ਨਗਰੀ ਵਾਸੀ ਚਰਨਜੀਤ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਉਹ ਬੋਰਡ ਦੇ ਦਫ਼ਤਰ ਐਕਸਈਐਨ ਨਾਲ ਮਿਲਣ ਗਿਆ ਸੀ ਪਰ ਇਸ ਦੌਰਾਨ ਐਸ.ਡੀ.ਓ ਨੇ ਉਸਦੇ ਨਾਲ ਦੁਰਵਿਵਹਾਰ ਕੀਤਾ ਅਤੇ ਹੱਥਾਪਾਈ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐਸ.ਡੀ.ਓ 'ਤੇ ਇਲਜ਼ਾਮ ਹੈ ਕਿ ਉਸ ਨੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ। ਦੋਸ਼ ਅਨੁਸਾਰ ਜਦ ਉਹ ਦਫ਼ਤਰ ਤੋਂ ਜਾਣ ਲੱਗਿਆ ਤਾਂ ਐਸ.ਡੀ.ਓ ਨੇ ਉਸਦੀ ਕਾਰ ਦੇ ਪਿਛਲੇ ਸ਼ੀਸ਼ੇ 'ਤੇ ਵੱਟਾ ਮਾਰ ਕੇ ਸ਼ੀਸ਼ਾ ਤੋੜ ਦਿੱਤਾ। ਚਰਨਜੀਤ ਸ਼ਰਮਾ ਨੇ ਵੀ ਕਾਰਵਾਈ ਦੀ ਮੰਗ ਕੀਤੀ ਹੈ। ਫ਼ਿਲਹਾਲ ਇਸ ਮਾਮਲੇ 'ਚ ਪੁਲਿਸ ਵੱਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸੁਝਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।