ਦੁੱਧ ਉਤਪਾਦਕਾਂ ਨੂੰ ਡੇਅਰੀ ਵਿਭਾਗ ਅਧਿਕਾਰੀਆਂ ਨੇ ਡੇਅਰੀ ਫਾਰਮਿੰਗ ਸਬੰਧੀ ਦਿੱਤੀ ਸਿਖਲਾਈ

Last Updated: Jul 12 2019 18:32
Reading time: 1 min, 33 secs

ਰਿਵਾਇਤੀ ਖੇਤੀਬਾੜੀ ਦੇ ਨਾਲ ਡੇਅਰੀ ਫਾਰਮਿੰਗ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਅਤੇ ਡੇਅਰੀ ਫਾਰਮਿੰਗ 'ਚ ਨਵੀਆਂ ਤਕਨੀਕਾਂ ਨੂੰ ਇਸਤੇਮਾਲ ਕਰਨ ਸਬੰਧੀ ਦੁੱਧ ਉਤਪਾਦਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਡੇਅਰੀ ਵਿਕਾਸ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਜ਼ਦੀਕੀ ਪਿੰਡ ਬੀਬੀਪੁਰ ਵਿਖੇ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸ਼ਾਮਲ ਹੋਏ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਧੰਦੇ 'ਚ ਅਪਣਾਈਆਂ ਜਾਣ ਵਾਲੀਆਂ ਨਵੀਆਂ ਤਕਨੀਕਾਂ, ਪਸ਼ੂਆਂ ਦੀਆਂ ਬਿਮਾਰੀਆਂ, ਇਨ੍ਹਾਂ ਦੀ ਰੋਕਥਾਮ ਅਤੇ ਲੱਛਣਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਜਾਗਰੂਕਤਾ ਕੈਂਪ ਦੌਰਾਨ ਆਸਪਾਸ ਦੇ ਇਲਾਕੇ ਤੋਂ ਕਰੀਬ 100 ਦੁੱਧ ਉਤਪਾਦਕਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਵਿਗਿਆਨਕ ਲੀਹਾਂ ਤੇ ਚਲਾਉਣ ਸਬੰਧੀ ਉਨ੍ਹਾਂ ਨੂੰ ਪਸ਼ੂ ਪਾਲਣ ਦੀ ਸਿਖਲਾਈ ਦੇਣ ਅਤੇ ਇਸ ਧੰਦੇ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਦੁੱਧ ਉਤਪਾਦਕ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਇਸ ਧੰਦੇ ਨੂੰ ਹੋਰ ਵੀ ਬਿਹਤਰ ਬਣਾ ਸਕਣ। ਇਸ ਮੌਕੇ ਡੇਅਰੀ ਇੰਸਪੈਕਟਰ ਚਰਨਜੀਤ ਸਿੰਘ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਤੇ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੁਧਾਰੂ ਪਸ਼ੂਆਂ ਲਈ ਸੰਤੁਲਿਤ ਪਸ਼ੂ ਖੁਰਾਕ ਕੱਟੀਆਂ, ਵੱਛੀਆਂ ਅਤੇ ਵਹਿੜਿਆਂ ਦੀ ਖੁਰਾਕ, ਦੁਧਾਰੂ ਪਸ਼ੂਆਂ ਦਾ ਪ੍ਰਬੰਧ ਅਤੇ ਦੁੱਧ ਦੇ ਮੰਡੀਕਰਨ ਸਬੰਧੀ ਵੀ ਜਾਗਰੂਕ ਕੀਤਾ।

ਇਸ ਮੌਕੇ ਮਲਕੀਤ ਸਿੰਘ ਟੈਕਨੀਕਲ ਅਫਸਰ ਬੀਜਾ ਵੱਲੋਂ ਦੁੱਧ ਉਤਪਾਦਕਾਂ ਨੂੰ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਅਤੇ ਨਸਲ ਸੁਧਾਰ ਸਬੰਧੀ ਜਾਣਕਾਰੀ ਦਿੱਤੀ ਗਈ। ਜਦਕਿ ਡੇਅਰੀ ਵਿਕਾਸ ਇੰਸਪੈਕਟਰ ਹਰਬੰਸ ਸਿੰਘ ਨੇ ਪਸ਼ੂਆਂ ਦੀਆਂ ਆਮ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਚਰਚਾ ਕੀਤੀ। ਇਸੇ ਤਰ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਅਜੇ ਸਿੰਘ ਗੋਡਾਰਾ ਵੱਲੋਂ ਪਸ਼ੂਆਂ ਦੇ ਹਰੇ ਚਾਰੇ, ਹੇਅ ਅਤੇ ਸਾਈਲੇਜ਼ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਜਦਕਿ ਬੈਂਕ ਅਧਿਕਾਰੀ ਸੁਰਿੰਦਰ ਬਾਂਸਲ ਨੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਨਿਆਮਤਪਾਲ ਸਿੰਘ ਅਤੇ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ 'ਚ ਮੋਹਤਬਰ ਵਿਅਕਤੀ ਮੌਜੂਦ ਸਨ।