ਬਠਿੰਡਾ ਪੁਲਿਸ ਦੀ ਨਸ਼ੇ ਦੇ ਖ਼ਿਲਾਫ਼ ਵੱਡੀ ਸਫਲਤਾ, 1067800 ਨਸ਼ੀਲੀਆਂ ਗੋਲੀਆਂ ਫੜੀਆਂ

Last Updated: Jul 12 2019 17:48
Reading time: 1 min, 24 secs

ਨਸ਼ੇ ਨਾਲ ਮਰ ਰਹੇ ਨੌਜਵਾਨ ਅਤੇ ਨਸ਼ੇ ਕਰਕੇ ਜੁਰਮ ਕਰ ਰਹੇ ਨੌਜਵਾਨ ਸਰਕਾਰ ਦੇ ਨਸ਼ਾ ਖ਼ਤਮ ਕਰਨ ਦੇ ਦਾਅਵਿਆਂ ਦੀ ਫ਼ੂਕ ਕੱਢ ਰਹੇ ਹਨ। ਸਰਕਾਰ ਦੀਆਂ ਵੱਡੀਆਂ-ਵੱਡੀਆਂ ਫੜਾ ਦੇ ਬਾਵਜੂਦ ਨਸ਼ਾ ਤਸਕਰ ਨਸ਼ੇ ਦੀ ਤਸਕਰੀ ਵੀ ਕਰ ਰਹੇ ਹਨ ਅਤੇ ਨਸ਼ਾ ਵੇਚ ਵੀ ਰਹੇ ਹਨ। ਪੁਲਿਸ ਵੀ ਆਪਣਾ ਜ਼ੋਰ ਲਗਾ ਰਹੀ ਹੈ ਨਸ਼ਾ ਰੋਕਣ ਲਈ ਪਰ ਫਿਰ ਵੀ ਨਸ਼ਾ ਰੁੱਕ ਨਹੀਂ ਰਿਹਾ। ਬੀਤੇ ਦਿਨ ਬਠਿੰਡਾ ਪੁਲਿਸ ਨੇ ਨਸ਼ੇ ਦੇ ਖ਼ਿਲਾਫ਼ ਲੜਾਈ ਵਿੱਚ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਬਠਿੰਡਾ ਪੁਲਿਸ ਨੇ ਪ੍ਰੈਸ ਕਾਨਫ਼ਰੰਸ ਕਰਕੇ ਦੱਸਿਆ ਕਿ ਉਨ੍ਹਾਂ ਨੇ 1067800 ਨਸ਼ੇ ਦੀਆਂ ਗੋਲੀਆਂ ਫੜੀਆਂ ਹਨ। ਐਮਐਸ ਫਾਰੂਕੀ ਆਈਜੀ ਬਠਿੰਡਾ ਰੇਂਜ ਨੇ ਦੱਸਿਆ ਕਿ ਉਨ੍ਹਾਂ ਨੇ ਨਸ਼ੇ ਦੇ ਖ਼ਿਲਾਫ਼ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਵਿੱਚ ਪੁਲਿਸ ਪਿੰਡ ਪੱਧਰ ਤੇ ਨਸ਼ੇ ਦੇ ਸਮਗਲਰਾਂ ਖ਼ਿਲਾਫ਼ ਜਾਣਕਾਰੀਆਂ ਇਕੱਠੀਆਂ ਕਰ ਰਹੀ ਹੈ। ਇਸੇ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਮੌੜ ਮੰਡੀ ਦਾ ਸੁਨੀਲ ਕੁਮਾਰ ਸੋਨੂੰ ਨਾਂਅ ਦਾ ਬੰਦਾ ਵੱਡੇ ਪੱਧਰ ਤੇ ਨਸ਼ੀਲੀ ਗੋਲੀਆਂ ਦਾ ਵਪਾਰ ਕਰਦਾ ਹੈ।

ਪੁਲਿਸ ਨੇ ਜਾਣਕਾਰੀ ਦੇ ਅਧਾਰ ਤੇ ਰਾਮ ਨਗਰ ਚੌਂਕ ਮੌੜ ਮੰਡੀ ਵਿਖੇ ਇੱਕ ਨਾਕਾ ਲਗਾਇਆ ਸੀ। ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਿਕ ਸੁਨੀਲ ਕੁਮਾਰ ਇੱਕ ਟਰਾਂਸਪੋਰਟ ਦੇ ਜਰੀਏ ਨਸ਼ੀਲੀਆਂ ਗੋਲੀਆਂ ਲਿਆ ਕੇ ਅੱਗੇ ਵੇਚਦਾ ਹੈ। ਪੁਲਿਸ ਨਾਕੇ ਤੇ ਇੱਕ ਆਈ20 ਗੱਡੀ ਜਿਸ ਵਿੱਚ 156000 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਸੁਨੀਲ ਨੇ ਦੱਸਿਆ ਕਿ ਉਸ ਦੇ ਗੋਦਾਮ ਵਿੱਚ ਵੀ ਨਸ਼ੀਲੀਆਂ ਗੋਲੀਆਂ ਰੱਖੀਆਂ ਗਈਆਂ ਹਨ ਜਿੱਥੋਂ ਬਰਾਮਦ  ਹੋਈਆਂ ਗੋਲੀਆਂ ਸਣੇ 1067800 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਦੱਸਿਆ ਕਿ ਸੁਨੀਲ ਕੁਮਾਰ ਤੇ ਪਹਿਲਾਂ ਵੀ ਛੇ ਪਰਚੇ ਦਰਜ ਹਨ ਅਤੇ ਜ਼ਮਾਨਤ ਤੇ ਆਕੇ ਉਹ ਫਿਰ ਤੋਂ ਸਮਾਜ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀ ਜਿਸ ਕਰਕੇ ਪੁਲਿਸ ਦੀ ਨਜ਼ਰ ਇਸ ਤੇ ਬਣੀ ਹੋਈ ਸੀ। ਪੁਲਿਸ ਨੇ ਦੱਸਿਆ ਕਿ ਉਹ ਸੁਨੀਲ ਕੁਮਾਰ ਦੇ ਜਰੀਏ ਇੱਕ ਪੂਰੇ ਨੈੱਟਵਰਕ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।