ਟੈਟੂ, ਨੌਜਵਾਨਾਂ ਨੂੰ ਨੌਕਰੀ ਤੋਂ ਰੱਖ ਸਕਦਾ ਹੈ ਵਾਂਝਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2019 17:47
Reading time: 1 min, 34 secs

ਟੈਟੂ ਖੁਦਵਾਉਣਾ ਅੱਜ ਦੇ ਨੌਜਵਾਨਾਂ ਦਾ ਸ਼ੌਂਕ ਬਣ ਗਿਆ ਹੈ ਅਤੇ ਕਈ ਤਰ੍ਹਾਂ ਦੇ ਟੈਟੂ ਸਰੀਰ ਦੇ ਕਈ ਹਿੱਸਿਆਂ 'ਤੇ ਖੁਦਵਾ ਕੇ ਆਪਣੇ ਯਾਰਾਂ ਦੋਸਤਾਂ 'ਚ ਆਪਣੀ ਵੱਖਰੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਨੌਜਵਾਨਾਂ ਨੇ ਟੈਟੂ ਆਪਣੇ ਕਿਸੇ ਖ਼ਾਸ ਖਿਡਾਰੀ, ਕਲਾਕਾਰ, ਗਾਇਕ ਸਮੇਤ ਹੋਰ ਕਿਸੇ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਸਰੀਰ 'ਤੇ ਬਣੇ ਟੈਟੂ ਨੂੰ ਵੇਖ ਕੇ ਖੁਦਵਾਏ ਹੁੰਦੇ ਹਨ, ਪਰ ਹੁਣ ਅਜਿਹੇ ਟੈਟੂ ਖੁਦਵਾਉਣ ਵਾਲੇ ਸੰਭਲ ਜਾਣ, ਜੇਕਰ ਉਨ੍ਹਾਂ ਦੀ ਭਾਰਤੀ ਫੌਜ 'ਚ ਨੌਕਰੀ ਕਰਨ ਦੀ ਕੋਈ ਇੱਛਾ ਹੈ ਤਾਂ ਉਹ ਟੈਟੂ ਕਰਕੇ ਆਪਣੀ ਇਸ ਇੱਛਾ ਨੂੰ ਪੂਰਾ ਨਹੀਂ ਕਰ ਸਕਦੇ ਹਨ। ਭਾਰਤੀ ਫੌਜ ਨੇ ਇਹ ਫ਼ੈਸਲਾ ਲਿਆ ਹੈ ਕਿ ਜਿਹੜੇ ਉਮੀਦਵਾਰਾਂ ਨੇ ਸਰੀਰ 'ਤੇ ਪੱਕੇ ਤੌਰ 'ਤੇ ਟੈਟੂ ਆਦਿ ਖੁਦਵਾਏ ਹੋਣਗੇ, ਉਹ ਭਰਤੀ ਦੇ ਯੋਗ ਨਹੀਂ ਹੋਣਗੇ।

ਭਾਰਤੀ ਹਵਾਈ ਫ਼ੌਜ ਵੱਲੋਂ ਜਲੰਧਰ ਦੇ ਪੀ.ਏ.ਪੀ. ਮੈਦਾਨ ਵਿਖੇ 5 ਅਗਸਤ ਤੋਂ 10 ਅਗਸਤ, 2019 ਤੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਫ਼ਾਜ਼ਿਲਕਾ ਸਮੇਤ 12 ਜ਼ਿਲ੍ਹਿਆਂ ਦੇ ਯੋਗ ਉਮੀਦਵਾਰ ਹਿੱਸਾ ਲੈ ਸਕਦੇ ਹਨ। ਕਮਾਂਡਿੰਗ ਅਫ਼ਸਰ ਵਿੰਗ ਕਮਾਂਡਰ ਸ੍ਰੀ ਮਨੋਜ ਮੈਨਨ ਮੁਤਾਬਕ ਭਰਤੀ ਰੈਲੀ ਦੌਰਾਨ ਗਰੁੱਪ 'ਵਾਈ' ਦੀਆਂ ਆਟੋਮੋਬਾਈਲ ਟੈਕਨੀਸ਼ੀਅਨ ਅਤੇ ਇੰਡੀਅਨ ਏਅਰ ਫ਼ੋਰਸ (ਪੁਲਿਸ) ਦੀਆਂ ਆਸਾਮੀਆਂ ਲਈ ਭਰਤੀ ਕੀਤੀ ਜਾਵੇਗੀ।

5 ਅਤੇ 6 ਅਗਸਤ, 2019 ਨੂੰ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਅਤੇ ਮੋਗਾ ਦੇ ਉਮੀਦਵਾਰ ਭਰਤੀ ਰੈਲੀ ਵਿੱਚ ਭਾਗ ਲੈ ਸਕਦੇ ਹਨ, ਜਦਕਿ 7 ਅਤੇ 8 ਅਗਸਤ, 2019 ਨੂੰ ਜ਼ਿਲ੍ਹਾ ਫ਼ਾਜ਼ਿਲਕਾ, ਲੁਧਿਆਣਾ, ਗੁਰਦਾਸਪੁਰ, ਤਰਨਤਾਰਨ, ਬਠਿੰਡਾ ਅਤੇ ਕਪੂਰਥਲਾ ਦੇ ਉਮੀਦਵਾਰ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਮੈਦਾਨ ਵਿਖੇ ਪਹੁੰਚ ਸਕਦੇ ਹਨ।

ਭਰਤੀ ਵੇਲੇ ਉਮੀਦਵਾਰ ਆਪਣੇ ਨਾਲ ਸਬੰਧਤ ਸਾਰੇ ਦਸਤਾਵੇਜ਼ ਲੈ ਕੇ ਪਹੁੰਚਣ। ਭਰਤੀ ਰੈਲੀ ਦੌਰਾਨ ਨੌਜਵਾਨਾਂ ਦੀ ਸਰੀਰਕ ਅਤੇ ਲਿਖਤੀ ਪ੍ਰੀਖਿਆ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਭਰਤੀ ਰੈਲੀ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਫ਼ਿੱਟ ਹੋਣੇ ਚਾਹੀਦੇ ਹਨ। ਜਿਹੜੇ ਉਮੀਦਵਾਰਾਂ ਦੇ ਸਰੀਰ 'ਤੇ ਪੱਕੇ ਤੌਰ 'ਤੇ ਟੈਟੂ ਆਦਿ ਖੁਦਵਾਏ ਹੋਣਗੇ, ਉਹ ਭਰਤੀ ਦੇ ਯੋਗ ਨਹੀਂ ਹੋਣਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਭਰਤੀ ਰੈਲੀ ਵਿੱਚ ਭਾਗ ਲੈ ਕੇ ਦੇਸ਼ ਸੇਵਾ ਲਈ ਅੱਗੇ ਆਉਣ।