ਡੇਂਗੂ ਬੁਖ਼ਾਰ ਨੇ ਸਾਰਿਆਂ ਦੀ ਬੋਲਤੀ ਕਰਾਈ ਬੰਦ, ਅਵੇਅਰਨੈਸ ਕੈਂਪ ਜਾਰੀ !!!

Last Updated: Jul 12 2019 17:36
Reading time: 1 min, 17 secs

ਦਿਨ ਪ੍ਰਤੀ ਦਿਨ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਿਹਤ ਵਿਭਾਗ ਦੇ ਵੱਲੋਂ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਅੱਜ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਜਿੰਦਰ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਵਨੀਤਾ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਲਾਈ ਮਹੀਨਾ ਡੇਂਗੂ ਅਵੇਅਰਨੈਸ ਮਹੀਨਾ ਵਜੋਂ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਅੱਜ ਪਿੰਡ ਸੋਢੀ ਨਗਰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਡੇਂਗੂ ਅਵੇਅਰਨੈਸ ਕੈਂਪ ਲਗਾਇਆ ਗਿਆ। 

ਕੈਂਪ ਦੀ ਅਗਵਾਈ ਬੀਰ ਸਿੰਘ ਹੈਲਥ ਸੁਪਰਵਾਈਜ਼ਰ ਨੇ ਕੀਤੀ। ਕੈਂਪ ਵਿੱਚ ਹੈਲਥ ਵਰਕਰ ਜਸਵੰਤ ਸਿੰਘ ਵੱਲੋਂ ਬੱਚਿਆਂ ਨੂੰ ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਦੱਸਿਆ ਗਿਆ ਕਿ ਡੇਂਗੂ ਬੁਖ਼ਾਰ ਮਾਦਾ ਏਡੀਜ਼ ਅਜਿਪਟੀ ਨਾਮ ਦੇ ਮੱਛਰ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਪਾਣੀ ਅਤੇ ਖੜੇ ਪਾਣੀ ਵਿੱਚ ਪਲਦਾ ਹੈ ਅਤੇ ਇਹ ਮੱਛਰ ਸਿਰਫ਼ ਦਿਨ ਵੇਲੇ ਹੀ ਕੱਟਦਾ ਹੈ, ਇਹ 3 ਫੁੱਟ ਤੋਂ ਉੱਚਾ ਨਹੀਂ ਉੱਡ ਸਕਦਾ। ਇਸ ਲਈ ਸਾਨੂੰ ਬਚਾਅ ਲਈ ਹਮੇਸ਼ਾ ਪੂਰੇ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਇਹ ਮੱਛਰ ਨਾ ਕੱਟ ਸਕੇ ਅਤੇ ਸਾਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਨਹੀਂ ਖੜ੍ਹਾ ਰੱਖਣਾ ਚਾਹੀਦਾ। 

ਇਸ ਤੋਂ ਇਲਾਵਾ ਘਰਾਂ ਵਿੱਚ ਫ਼ਰਿਜ ਦੀ ਟਰੇਅ, ਛੱਤ ਤੇ ਟਾਇਰ, ਗਮਲੇ, ਕੂਲਰ ਆਦਿ ਵਿੱਚ ਪਾਣੀ ਜਮ੍ਹਾ ਨਹੀਂ ਹੋਣ ਦੇਣਾ ਚਾਹੀਦਾ। ਹੈਲਥ ਵਰਕਰ ਨੇ ਡੇਂਗੂ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਨੱਕ ਵਿੱਚੋਂ ਖ਼ੂਨ ਵਗਣਾ ਆਦਿ ਡੇਂਗੂ ਬੁਖ਼ਾਰ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦਾ ਇਲਾਜ ਅਤੇ ਸਾਰੇ ਟੈੱਸਟ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਸ਼ਾ ਵਰਕਰ ਸਰਬਜੀਤ ਕੌਰ, ਜਗਦੀਸ਼ ਕੌਰ, ਟੀਚਰ ਨੀਰੂ ਹਾਂਡਾ, ਮੋਨੂੰ, ਅਨੀਤਾ ਆਦਿ ਹਾਜ਼ਰ ਸਨ।