ਮਮਦੋਟ ਥਾਣੇ ਨੂੰ 18 ਜੁਲਾਈ ਨੂੰ ਘੇਰਣਗੇ ਕਿਸਾਨ ਤੇ ਮਜ਼ਦੂਰ !!!

Last Updated: Jul 12 2019 17:23
Reading time: 1 min, 10 secs

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਅੱਜ ਕਿਸਾਨਾਂ, ਮਜ਼ਦੂਰਾਂ ਵੱਲੋਂ ਪਿੰਡ ਸਵਾਈ ਕੇ ਵਿਖੇ ਜ਼ੋਨ ਪ੍ਰਧਾਨ ਨਰਿੰਦਰਪਾਲ ਸਿੰਘ ਜੁਤਾਲਾ ਤੇ ਮੰਗਲ ਸਿੰਘ ਗੁੱਦੜਢੰਡੀ ਦੀ ਪ੍ਰਧਾਨਗੀ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ ਕਿਸਾਨ ਆਗੂ ਅਨੂਪ ਸਿੰਘ ਦੇ ਲੜਕੇ ਨਿਸ਼ਾਨ ਸਿੰਘ (28) 'ਤੇ ਜੱਜ ਸਿੰਘ ਪੁੱਤਰ ਬਲਵੀਰ ਸਿੰਘ ਮਮਦੋਟ ਨੇ ਆਪਣਾ ਟਰੈਕਟਰ ਨਿਊ ਹਾਲੈਂਡ 3630 ਚੜਾ ਕੇ ਨਿਸ਼ਾਨ ਸਿੰਘ ਨੂੰ ਕੁਚਲ ਦਿੱਤਾ ਸੀ, ਜੋ ਗੰਭੀਰ ਜ਼ਖਮੀ ਹੋ ਗਿਆ ਸੀ।

ਥਾਣਾ ਮਮਦੋਟ ਵਿਖੇ ਧਾਰਾ 307, 323, ਐੱਫਆਈਆਰ 0062/19 ਅਧੀਨ ਜੱਜ ਸਿੰਘ 'ਤੇ ਪਰਚਾ ਦਰਜ ਹੋਇਆ ਹੈ, ਪਰ ਉਸਦੀ ਅੱਜ ਤੱਕ ਗ੍ਰਿਫ਼ਤਾਰੀ ਨਾ ਹੋਣ ਦੇ ਵਿਰੁੱਧ 18 ਜੁਲਾਈ ਨੂੰ ਥਾਣਾ ਮਮਦੋਟ ਅੱਗੇ ਧਰਨਾ ਦਿੱਤਾ ਜਾਵੇਗਾ, ਜੋ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਵਾਉਣ ਤੱਕ ਜਾਰੀ ਰਹੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਮੀਤ ਸਕੱਤਰ ਰਣਬੀਰ ਸਿੰਘ ਰਾਣਾ ਤੇ ਗੁਰਦਿਆਲ ਸਿੰਘ ਟਿੱਬੀ ਕਲਾਂ ਨੇ ਦੋਸ਼ ਲਗਾਉਂਦਿਆਂ ਹੋਇਆਂ ਕਿਹਾ ਕਿ ਸੂਬੇ ਦੇ ਅੰਦਰ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਾ ਹੈ। ਕਿਸਾਨ ਆਗੂਆਂ ਨੇ ਮੁਲਜ਼ਮ ਜੱਜ ਸਿੰਘ ਨੂੰ ਗ੍ਰਿਫ਼ਤਾਰ ਕਰਨ ਅਤੇ ਟਰੈਕਟਰ ਨੂੰ ਜ਼ਬਤ ਕਰਨ ਦੀ ਮੰਗ ਕੀਤੀ ਅਤੇ ਰਿਸ਼ਵਤ ਲੈਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਵਿਸ਼ੇਸ਼ ਮੀਟਿੰਗ ਨੂੰ ਰੰਗਾ ਸਿੰਘ ਸਦਰਦੀਨ, ਫੁੱਮਣ ਸਿੰਘ ਰਾਓਕੇ, ਗੁਰਮੇਲ ਸਿੰਘ, ਕ੍ਰਿਸ਼ਨ ਸ਼ਰਮਾ, ਸਵਰਨ ਸਿੰਘ, ਮੰਗਲ ਸਿੰਘ, ਦਲੀਪ ਕੌਰ, ਸਵਰਨ ਕੌਰ ਸਵਾਈ ਕੇ, ਸੁਖਦੇਵ ਸਿੰਘ, ਬੂਟਾ ਸਿੰਘ, ਬਲਕਾਰ ਸਿੰਘ, ਗੁਰਨਾਮ ਸਿੰਘ, ਸੋਨੂੰ ਸਿੰਘ, ਟੇਕ ਸਿੰਘ, ਬਲਦੇਵ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।