ਅਵਾਰਾ ਘੁੰਮ ਰਹੇ ਗਊ ਵੰਸ਼ ਨੂੰ ਚੁੱਕ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ - ਕਮਿਸ਼ਨ

Last Updated: Jul 12 2019 17:08
Reading time: 2 mins, 39 secs

ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਸੀ.ਈ.ਓ. ਡਾ. ਹਰਮਿੰਦਰ ਸਿੰਘ ਸੇਖੋਂ ਅਤੇ ਡਿਪਟੀ ਸੀ.ਈ.ਓ. ਡਾ. ਸਰਬਦੀਪ ਸਿੰਘ ਨੇ ਅੱਜ ਫ਼ਾਜ਼ਿਲਕਾ ਦੀ ਸਰਕਾਰੀ ਗਊਸ਼ਾਲਾ ਦਾ ਦੌਰਾ ਕਰਕੇ ਗਊਆਂ ਦੇ ਰੱਖ-ਰਖਾਅ, ਕੰਮਕਾਜ ਅਤੇ ਹੋਰ ਸਾਜ਼ੋ-ਸਾਮਾਨ ਦਾ ਜਾਇਜ਼ਾ ਲਿਆ। ਦੋ ਮੈਂਬਰੀ ਟੀਮ ਨੇ ਪਸ਼ੂਆਂ ਸਬੰਧੀ ਰਜਿਸਟਰ ਦੀ ਚੈਕਿੰਗ ਕਰਨ ਸਣੇ ਡਾਕਟਰਾਂ ਵੱਲੋਂ ਪਸ਼ੂਆਂ ਨੂੰ ਦਿੱਤੀਆਂ ਜਾਂਦੀਆਂ ਦਵਾਈਆਂ ਦਾ ਸਟਾਕ ਵੀ ਚੈੱਕ ਕੀਤਾ।

ਫ਼ਾਜ਼ਿਲਕਾ ਦੇ ਨੇੜਲੇ ਪਿੰਡ ਸਲੇਮਸ਼ਾਹ ਵਿਖੇ ਸਥਿਤ ਸਰਕਾਰੀ ਗਊਸ਼ਾਲਾ ਦੇ ਦੌਰੇ ਪਿੱਛੋਂ ਪ੍ਰਬੰਧਕਾਂ ਨਾਲ ਮੀਟਿੰਗ ਦੌਰਾਨ ਕਮਿਸ਼ਨ ਦੇ ਅਧਿਕਾਰੀਆਂ ਨੇ ਹਦਾਇਤ ਕੀਤੀ ਕਿ ਪੰਜਾਬ ਗਊ ਸੇਵਾ ਕਮਿਸ਼ਨ ਐਕਟ, 2014 ਤਹਿਤ ਗਊਸ਼ਾਲਾ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਅਤੇ ਭਾਰਤੀ ਪਸ਼ੂ ਭਲਾਈ ਬੋਰਡ ਤੋਂ ਗਊਸ਼ਾਲਾ ਦੀ ਮਾਨਤਾ ਲਈ ਜਾਵੇ ਕਿਉਂ ਜੋ ਇਸ ਪਿੱਛੋਂ ਹੀ ਗਊਸ਼ਾਲਾ ਲਈ ਵਿੱਤੀ ਸਹਾਇਤਾ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਆਮਦਨ ਕਰ ਐਕਟ, 1961 ਦੀ ਧਾਰਾ 12-ਏ ਅਤੇ 80-ਜੀ ਅਧੀਨ ਗਊਸ਼ਾਲਾ ਦੀ ਰਜਿਸਟ੍ਰੇਸ਼ਨ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਆਮਦਨ ਕਰ ਐਕਟ ਤਹਿਤ ਰਜਿਸਟ੍ਰੇਸ਼ਨ ਕਰਵਾਈ ਗਈ ਹੋਵੇਗੀ ਤਾਂ ਦਾਨੀ ਸੱਜਣਾਂ ਨੂੰ ਆਮਦਨ ਕਰ ਤੋਂ ਛੋਟ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨਿਰਦੇਸ਼ ਦਿੱਤੇ ਕਿ ਗਾਵਾਂ, ਸਾਨ੍ਹਾਂ, ਵੱਛੇ-ਵੱਛੀਆਂ ਲਈ ਵੱਖ-ਵੱਖ ਵਾੜੇ ਬਣਾਏ ਜਾਣ।

ਗਊਸ਼ਾਲਾ ਦੇ ਪ੍ਰਬੰਧਾਂ ਲਈ ਸਰਕਾਰੀ ਫ਼ੰਡਾਂ ਤੋਂ ਇਲਾਵਾ ਆਉਂਦੇ ਦਾਨ ਸਬੰਧੀ ਮੁਕੰਮਲ ਵੇਰਵਾ ਲੈਣ ਉਪਰੰਤ ਸੀ.ਈ.ਓ. ਅਤੇ ਡਿਪਟੀ ਸੀ.ਈ.ਓ. ਨੇ ਪ੍ਰਬੰਧਕਾਂ ਨੂੰ ਇਨ੍ਹਾਂ ਫ਼ੰਡਾਂ ਨਾਲ ਗਊਸ਼ਾਲਾ ਵਿੱਚ ਇੱਕ ਹੋਰ ਸ਼ੈੱਡ ਸਣੇ ਸਿੰਜਾਈ ਦੇ ਪੱਕੇ ਖਾਲ਼ਿਆਂ ਦਾ ਨਿਰਮਾਣ ਕਰਨ, ਤੂੜੀ ਦੇ ਅਧੂਰੇ ਪਏ ਗੁਦਾਮ ਦਾ ਕਾਰਜ ਪੂਰਾ ਕਰਨ, ਦਫ਼ਤਰ ਤੇ ਵੈਟਰਨਰੀ ਰੂਮ ਦੇ ਰਸਤੇ ਨੂੰ ਪੱਕਾ ਕਰਨ ਅਤੇ ਨਵਾਂ ਬੋਰ ਕਰਾਉਣ ਲਈ ਵੀ ਕਿਹਾ। ਪਸ਼ੂਆਂ ਦੀ ਤਾਦਾਦ ਦੇ ਮੱਦੇਨਜ਼ਰ ਉਨ੍ਹਾਂ ਹੋਰ ਮੁਲਾਜ਼ਮ ਰੱਖਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਤੇ ਕਸਬਿਆਂ 'ਚ ਅਵਾਰਾ ਘੁੰਮ ਰਹੇ ਗਊ ਵੰਸ਼ ਨੂੰ ਤੇਜ਼ੀ ਨਾਲ ਚੁੱਕ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ ਅਤੇ ਗਊਸ਼ਾਲਾਵਾਂ ਵਿੱਚ ਰੱਖੇ ਗਏ ਸਮੂਹ ਗਊ ਵੰਸ਼ ਦਾ ਰਿਕਾਰਡ ਰਜਿਸਟਰ ਵਿੱਚ ਦਰਜ ਕੀਤਾ ਜਾਵੇ ਅਤੇ ਇਸੇ ਤਰ੍ਹਾਂ ਮਰਨ ਵਾਲੇ ਪਸ਼ੂਆਂ ਦਾ ਪੋਸਟਮਾਰਟਮ ਕਰਕੇ ਉਸ ਨੂੰ ਵੀ ਰਜਿਸਟਰ ਵੀ ਦਰਜ ਕਰ ਦਿੱਤਾ ਜਾਵੇ।

ਫ਼ਾਜ਼ਿਲਕਾ ਦੇ ਨਾਇਬ ਤਹਿਸੀਲਦਾਰ ਸ਼੍ਰੀ ਵਿਜੇ ਕੁਮਾਰ ਬਹਿਲ ਨੇ ਕਮਿਸ਼ਨ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਕਿ ਗਊਸ਼ਾਲਾ ਦੀ ਕੁੱਲ 15 ਏਕੜ ਜ਼ਮੀਨ ਵਿੱਚੋਂ 5 ਏਕੜ ਥਾਂ 'ਤੇ ਸ਼ੈੱਡਾਂ ਦਾ ਨਿਰਮਾਣ ਕੀਤਾ ਗਿਆ ਹੈ ਜਦਕਿ 5 ਏਕੜ ਰਕਬੇ 'ਤੇ ਪਸ਼ੂਆਂ ਲਈ ਹਰਾ ਚਾਰਾ ਬੀਜਿਆ ਗਿਆ ਹੈ ਅਤੇ 5 ਏਕੜ ਥਾਂ ਖ਼ਾਲੀ ਪਈ ਹੈ। ਇਸ 'ਤੇ ਡਾ. ਸੇਖੋਂ ਨੇ ਖ਼ਾਲੀ ਪਈ 5 ਏਕੜ ਥਾਂ ਨੂੰ ਪੱਧਰਾ ਅਤੇ ਉੱਚਾ ਕਰਕੇ ਇੱਥੇ ਵੀ ਚਾਰੇ ਦੀ ਬਿਜਾਈ ਕਰਨ ਦੇ ਨਿਰਦੇਸ਼ ਦਿੱਤੇ। ਕਮਿਸ਼ਨ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਗਊਸ਼ਾਲਾ ਵਿੱਚ ਮੌਜੂਦਾ ਸਮੇਂ ਸਾਹੀਵਾਲ, ਰਾਠੀ ਅਤੇ ਐਚ.ਐਫ. (ਮਿਕਸ) ਨਸਲ ਦਾ 347 ਗਊ ਧਨ ਰੱਖਿਆ ਜਾ ਰਿਹਾ ਹੈ, ਜਿਨ੍ਹਾਂ ਲਈ 25 ਕੁਇੰਟਲ ਚਾਰੇ ਦੀ ਖ਼ਰੀਦ ਕੀਤੀ ਜਾਂਦੀ ਹੈ ਜਦਕਿ 15 ਕੁਇੰਟਲ ਚਾਰਾ ਦਾਨ ਦੇ ਰੂਪ ਵਿੱਚ ਮਿਲਦਾ ਹੈ। ਗਊਸ਼ਾਲਾ ਵਿੱਚ 4 ਮੁਲਾਜ਼ਮਾਂ ਤੋਂ ਇਲਾਵਾ ਨਰੇਗਾ ਦੇ ਕਾਮਿਆਂ ਦਾ ਸਹਿਯੋਗ ਲਿਆ ਜਾਂਦਾ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਗਊਸ਼ਾਲਾ ਵਿੱਚ ਪਿਛਲੇ ਵਰ੍ਹੇ 550 ਬੂਟੇ ਲਾਏ ਗਏ ਹਨ, ਜੋ ਠੀਕ ਹਾਲਤ ਵਿੱਚ ਹਨ। ਗਊਸ਼ਾਲਾ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬਿਮਾਰ ਪਸ਼ੂਆਂ ਲਈ ਵੱਖਰਾ ਟਰੀਟਮੈਂਟ ਰੂਮ, ਸ਼ਿਕੰਜਾ, ਚੇਨ-ਲਿਫ਼ਟ, ਸ਼ਹਿਰ ਵਿੱਚੋਂ ਅਵਾਰਾ ਪਸ਼ੂਆਂ ਨੂੰ ਚੁੱਕਣ ਲਈ ਟਰੈਕਟਰ ਤੇ ਟਰਾਲੀ ਦੀ ਲੋੜ ਹੈ। ਡਾ. ਸੇਖੋਂ ਨੇ ਪ੍ਰਬੰਧਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਹੋਰਨਾਂ ਵਿਭਾਗਾਂ ਵੱਲੋਂ ਗਊ-ਸੈੱਸ ਕੱਟਿਆ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਗਊ ਧੰਨ ਦੀ ਸਾਂਭ-ਸੰਭਾਲ ਲਈ ਫ਼ੰਡਾਂ ਦੀ ਥੁੜ੍ਹ ਦਾ ਸਾਹਮਣਾ ਨਾ ਕਰਨਾ ਪਵੇ।