ਦੁੱਧ ਦੇ 33 ਸੈਂਪਲਾਂ ਦੀ ਜਾਂਚ ਦੌਰਾਨ 11 'ਚ ਪਾਈ ਗਈ ਪਾਣੀ ਦੀ ਮਿਲਾਵਟ

Last Updated: Jul 12 2019 17:13
Reading time: 1 min, 43 secs

ਦੁੱਧ ਖਪਤਕਾਰਾਂ ਵੱਲੋਂ ਆਪਣੇ ਘਰਾਂ 'ਚ ਇਸਤੇਮਾਲ ਕੀਤੇ ਜਾਂਦੇ ਦੁੱਧ 'ਚ ਪਾਏ ਜਾਣ ਵਾਲੇ ਤੱਤਾਂ ਅਤੇ ਮਿਲਾਵਟ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰ. 6 'ਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਰਮਨਜੀਤ ਕੌਰ ਬੱਲ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਦਾ ਉਦਘਾਟਨ ਕੀਤਾ ਗਿਆ। ਕੈਂਪ ਦੌਰਾਨ ਡੇਅਰੀ ਵਿਭਾਗ ਵੱਲੋਂ ਮੋਬਾਈਲ ਲੈਬੋਰੇਟਰੀ ਰਾਹੀਂ ਦੁੱਧ ਦੇ ਸੈਂਪਲਾਂ ਦੀ ਜਾਂਚ ਕਰਕੇ ਖਪਤਕਾਰਾਂ ਨੂੰ ਮੁਫਤ ਟੈਸਟ ਰਿਪੋਰਟ ਦਿੱਤੀ ਗਈ। ਇਸ ਤੋਂ ਇਲਾਵਾ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਅਤੇ ਮਨੁੱਖੀ ਸਿਹਤ ਲਈ ਇਸਦਾ ਮਹੱਤਵ ਤੇ ਦੁੱਧ 'ਚ ਸੰਭਾਵਿਤ ਮਿਲਾਵਟਾਂ ਸਬੰਧੀ ਜਾਣੂ ਕਰਵਾਇਆ ਗਿਆ।

ਇਸ ਕੈਂਪ ਸਬੰਧੀ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਅਧੀਨ ਮੋਬਾਈਲ ਲੈਬੋਰੇਟਰੀ ਦੁਆਰਾ ਦੁੱਧ ਦੇ 33 ਸੈਂਪਲਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚੋਂ 22 ਸੈਂਪਲ ਤੈਅ ਮਾਪਦੰਡਾਂ ਮੁਤਾਬਕ ਸਹੀ ਪਾਏ ਗਏ, ਜਦਕਿ 11 ਸੈਂਪਲਾਂ 'ਚ 25 ਫੀਸਦੀ ਤੱਕ ਪਾਣੀ ਦੀ ਮਿਲਾਵਟ ਪਾਈ ਗਈ। ਜਦਕਿ ਦੁੱਧ ਦੇ ਸੈਂਪਲਾਂ 'ਚ ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਸੈਂਪਲ 'ਚ ਕੋਈ ਹਾਨੀਕਾਰਕ ਕੈਮੀਕਲ ਜਾਂ ਬਾਹਰੀ ਪਦਾਰਥ ਨਹੀਂ ਪਾਇਆ ਗਿਆ। ਦੁੱਧ ਖਪਤਕਾਰਾਂ ਨੂੰ ਦੁੱਧ ਦੇ ਸੈਂਪਲ ਟੈਸਟ ਕਰਨ ਉਪਰੰਤ ਮੌਕੇ ਤੇ ਲਿਖਤੀ ਰੂਪ 'ਚ ਮੁਫਤ ਨਤੀਜੇ ਦਿੱਤੇ ਗਏ।

ਡਿਪਟੀ ਡਾਇਰੈਕਟਰ ਹਰਪਾਲ ਸਿੰਘ ਨੇ ਅੱਗੇ ਦੱਸਿਆ ਕਿ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਦੁੱਧ ਖਪਤਕਾਰਾਂ ਨੂੰ ਉਨ੍ਹਾਂ ਵੱਲੋਂ ਖਰੀਦੇ ਦੁੱਧ 'ਚ ਮੌਜੂਦ ਤੱਤਾਂ ਸਬੰਧੀ ਜਾਣਕਾਰੀ ਦੇਣਾ ਹੈ ਕਿਉਂਕਿ ਜਾਗਰੂਕ ਖਪਤਕਾਰ ਨਾਲ ਹੀ ਦੁੱਧ 'ਚ ਪਾਈ ਜਾਣ ਵਾਲੀ ਮਿਲਾਵਟ ਦੀਆਂ ਸੰਭਾਵਨਾਵਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਅਜਿਹੇ ਜਾਗਰੂਕਤਾ ਕੈਂਪਾਂ ਤੋਂ ਇਲਾਵਾ ਡੇਅਰੀ ਵਿਕਾਸ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫਤਰਾਂ ਵਿੱਚ ਵੀ ਦੁੱਧ ਦੇ ਸੈਂਪਲਾਂ ਦੀ ਮੁਫਤ ਜਾਂਚ ਕਰਵਾਈ ਜਾ ਸਕਦੀ ਹੈ। ਜੇਕਰ ਕਿਸੇ ਵੀ ਥਾਂ ਤੇ ਅਜਿਹਾ ਕੈਂਪ ਲਗਵਾਇਆ ਜਾਣਾ ਹੋਵੇ ਤਾਂ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫਤਰ 'ਚ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਡੇਅਰੀ ਇੰਸਪੈਕਟਰ ਹਰਵੰਤ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੰਦੀਪ ਸਿੰਘ ਬੱਲ, ਪ੍ਰਦੀਪ ਕੁਮਾਰ, ਰਜਤ ਸ਼ਰਮਾ, ਰਮੇਸ਼ ਚੰਦ, ਮਨਜੋਤ ਕੌਰ, ਬਲਬੀਰ ਕੌਰ, ਮਧੂ ਆਦਿ ਤੋਂ ਇਲਾਵਾ ਹੋਰ ਇਲਾਕਾ ਵਾਸੀ ਵੀ ਮੌਜੂਦ ਸਨ।