ਆਈ.ਏ.ਐਸ ਦੇ ਕੋਈ ਚਾਰ ਹੱਥ ਤੇ ਸਿੰਗ ਨਹੀਂ ਹੁੰਦੇ- ਸਿੱਖਿਆ ਕਮਿਸ਼ਨਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2019 17:16
Reading time: 1 min, 59 secs

ਰਾਜਸਥਾਨ ਦੇ ਸਿੱਖਿਆ ਵਿਭਾਗ ਦੇ ਕਮਿਸ਼ਨਰ ਆਈ.ਏ.ਐਸ ਪ੍ਰਦੀਪ ਕੁਮਾਰ ਬੋਰੜ ਨੇ ਕਿਹਾ ਕਿ ਆਈ.ਏ.ਐਸ ਅਧਿਕਾਰੀ ਕੋਈ ਚਾਰ ਹੱਥ ਤੇ ਦੋ ਸਿੰਗਾਂ ਵਾਲੇ ਨਹੀਂ ਹੁੰਦੇ ਸਗੋਂ ਉਹ ਵੀ ਆਮ ਵਿਅਕਤੀ ਵਾਂਗ ਹੀ ਹੁੰਦੇ ਹਨ। ਉਹ ਹਰ ਵਿਦਿਆਰਥੀ ਆਈ.ਏ.ਐਸ ਬਣ ਸਕਦਾ ਹੈ ਜਿਸਦਾ ਟੀਚਾ ਉਸਦੇ ਦਿਮਾਗ 'ਚ ਹੋਵੇ ਅਤੇ ਉਹ ਇਸ ਟੀਚੇ ਨੂੰ ਪਾਉਣ ਲਈ ਕੜੀ ਮਿਹਨਤ ਕਰਕੇ ਪੜ੍ਹਾਈ ਕਰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਬੋਰੜ ਨੇ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਕੱਲਰਖੇੜਾ ਵਿਖੇ ਪਹੁੰਚ ਕੇ ਆਪਣੀਆਂ ਬਚਪਨ ਦੀਆਂ ਉਨ੍ਹਾਂ ਯਾਦਾਂ ਨੂੰ, ਜਦ ਉਹ ਇਸ ਪਿੰਡ ਦੇ ਸਕੂਲ 'ਚ ਪੜ੍ਹਦੇ ਸਨ, ਨੂੰ ਤਾਜ਼ਾ ਕਰਦਿਆਂ ਵਿਦਿਆਰਥੀਆਂ ਨਾਲ ਸਾਂਝਾ ਕੀਤਾ।

ਪਿੰਡ ਦੇ ਨੌਜਵਾਨਾਂ ਅਤੇ ਬੁੱਧੀਜੀਵੀ ਵਰਗ ਨਾਲ ਸਬੰਧਿਤ ਲੋਕਾਂ ਵੱਲੋਂ ਗਠਿਤ ਕੀਤੇ ਗਏ ਏਕਤਾ ਮੰਚ ਵੱਲੋਂ ਇਸ ਖ਼ਾਸ ਪ੍ਰੋਗਰਾਮ ਦਾ ਆਯੋਜਨ ਪਿੰਡ ਦੇ ਸਰਕਾਰੀ ਸਕੂਲ 'ਚ ਕੀਤਾ ਗਿਆ ਸੀ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਰਾਜਸਥਾਨ ਸਰਕਾਰ ਦੇ ਸਿੱਖਿਆ ਵਿਭਾਗ 'ਚ ਬਤੌਰ ਕਮਿਸ਼ਨਰ ਆਪਣੀਆਂ ਸੇਵਾਵਾਂ ਦੇ ਰਹੇ ਆਈ.ਏ.ਐਸ ਪ੍ਰਦੀਪ ਕੁਮਾਰ ਬੋਰੜ ਨੇ ਸ਼ਿਰਕਤ ਕਰਦਿਆਂ ਮਾਣ ਮਹਿਸੂਸ ਕੀਤਾ। ਇਸ ਮੌਕੇ 'ਤੇ ਵਿਦਿਆਰਥੀਆਂ ਨਾਲ ਇਸੇ ਸਕੂਲ 'ਚ ਬਿਤਾਏ ਬਚਪਨ ਦੀਆਂ ਯਾਦਾਂ ਨੂੰ ਜਿੱਥੇ ਯਾਦ ਕਰਕੇ ਉਹ ਭਾਵੁਕ ਵੀ ਹੋਏ ਉੱਥੇ ਹੀ ਉਨ੍ਹਾਂ ਨੇ ਆਪਣੇ ਆਈ.ਏ.ਐਸ ਤੱਕ ਦੇ ਸਫ਼ਰ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਕੇ ਆਪਣੇ ਤਜੁਰਬੇ ਬੱਚਿਆਂ ਨਾਲ ਸਾਂਝੇ ਕੀਤੇ।

ਆਈ.ਏ.ਐਸ ਪ੍ਰਦੀਪ ਬੋਰੜ ਨੇ ਦੱਸਿਆ ਕਿ ਜੇ ਫਟੀ ਹੋਈ ਬੋਰੀ, ਦਰਖ਼ਤ ਦੀ ਛਾਂ ਵਿੱਚ ਬੈਠ ਕੇ ਤੁਹਾਡੇ ਵਰਗਾ ਵਿਦਿਆਰਥੀ ਆਈ.ਏ.ਐਸ ਬਣ ਸਕਦਾ ਹੈ ਤਾਂ ਹਰ ਵਿਦਿਆਰਥੀ ਆਪਣੀ ਮੰਜ਼ਿਲ ਨੂੰ ਪਾ ਸਕਦਾ ਹੈ। ਆਈ.ਏ.ਐਸ ਦੇ ਕੋਈ ਚਾਰ ਹੱਥ ਜਾਂ ਫਿਰ ਕੋਈ ਸਿੰਗ ਨਹੀਂ ਲੱਗੇ ਹੁੰਦੇ, ਉਹ ਵੀ ਤੁਹਾਡੇ ਵਿੱਚੋਂ ਹੀ ਨਿਕਲ ਕੇ ਜਾਂਦਾ ਹੈ, ਪਰ ਇਸ ਸਫ਼ਰ ਨੂੰ ਤੈਅ ਕਰਨ ਲਈ ਕੜੀ ਮਿਹਨਤ, ਲਗਨ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਦੇਸ਼-ਦੁਨੀਆ 'ਚ ਵਾਪਰਨ ਵਾਲੀਆਂ ਹਰ ਘਟਨਾਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਇਸ ਮੌਕੇ 'ਤੇ ਮੰਚ ਦੇ ਮੁੱਖ ਸੰਯੋਜਕ ਰਾਜ ਕੁਮਾਰ ਜੈਨ ਨੇ ਸਿੱਖਿਆ ਕਮਿਸ਼ਨਰ ਸ਼੍ਰੀ ਬੋਰੜ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਆਪਣੇ ਬਚਪਨ ਦੇ ਖ਼ੂਬਸੂਰਤ ਦਿਨਾਂ ਅਤੇ ਤਜੁਰਬੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਮੰਚ ਤੋਂ ਕਹੀਆਂ ਗਈਆਂ ਗੱਲਾਂ ਵਿਦਿਆਰਥੀਆਂ ਦੇ ਜੀਵਨ 'ਚ ਕਾਮਯਾਬੀ ਦੇ ਰੂਪ 'ਚ ਕੰਮ ਆਉਣਗੀਆਂ। ਸਕੂਲ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਏਕਤਾ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਪਿੰਡ ਦੇ ਸਰਪੰਚ ਜੋਗਿੰਦਰ ਸਿੰਘ, ਮੰਚ ਦੇ ਸੰਯੋਜਕ ਅਸ਼ਵਨੀ ਮਾਹਿਰ, ਪ੍ਰਧਾਨ ਮਾਸਟਰ ਬ੍ਰਿਜ ਲਾਲ, ਜਨਰਲ ਸਕੱਤਰ ਪ੍ਰਿਤਪਾਲ ਤੰਵਰ ਤੋਂ ਇਲਾਵਾ ਅੰਕਿਤ ਜੈਨ, ਰਘੁਵੀਰ ਸਿੰਘ, ਦਿਆਲ ਚੰਦ ਜਾਲਪ, ਨੰਬਰਦਾਰ ਮੋਹਨ ਲਾਲ, ਮਹਿੰਦਰ ਜਾਲਪ, ਪੂਰਨ ਰਾਮ ਗੇਦਰ, ਰਣਜੀਤ ਰਾਮ ਮਾਹਿਰ, ਰਾਮ ਸਰੂਪ ਸਣੇ ਪਿੰਡ ਦੇ ਲੋਕ ਹਾਜ਼ਰ ਸਨ।